ਲੋਕ ਸਭਾ 'ਚ ਰਾਹੁਲ ਗਾਂਧੀ ਚੁੱਕ ਲਿਆਏ ਨਰਵਣੇ ਦੀ ਕਿਤਾਬ ! ਡੋਕਲਾਮ ਨੂੰ ਲੈ ਕੇ ਭਖ਼ ਗਿਆ ਮਾਹੌਲ
Monday, Feb 02, 2026 - 02:34 PM (IST)
ਨਵੀਂ ਦਿੱਲੀ : ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦੌਰਾਨ ਅੱਜ ਰਾਹੁਲ ਗਾਂਧੀ ਨੇ 'ਬੋਲਣ ਦਾ ਸਮਾਂ ਦੇਣ ਲਈ' ਧੰਨਵਾਦ ਕਹਿੰਦੇ ਹੋਏ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਭਾਸ਼ਣ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਉਨ੍ਹਾਂ ਨੇ ਸਾਬਕਾ ਫੌਜ ਮੁਖੀ ਐੱਮ.ਐੱਮ. ਨਰਵਣੇ ਦੀ ਇੱਕ ਅਣ-ਪ੍ਰਕਾਸ਼ਿਤ ਕਿਤਾਬ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਕਿਤਾਬ ਅਨੁਸਾਰ ਚੀਨੀ ਟੈਂਕ ਡੋਕਲਾਮ ਵਿੱਚ ਭਾਰਤੀ ਸਰਹੱਦ ਦੇ ਬਹੁਤ ਨੇੜੇ ਪਹੁੰਚ ਗਏ ਸਨ।
ਰਾਹੁਲ ਗਾਂਧੀ ਨੇ ਜਿਵੇਂ ਹੀ ਇਹ ਗੱਲ ਕਹੀ, ਉਦੋਂ ਹੀ ਸਾਹਮਣੇ ਬੈਠੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਜਿਸ ਕਿਤਾਬ ਦਾ ਰਾਹੁਲ ਗਾਂਧੀ ਜ਼ਿਕਰ ਕਰ ਰਹੇ ਹਨ, ਉਹ ਅਜੇ ਤੱਕ ਪ੍ਰਕਾਸ਼ਿਤ ਹੀ ਨਹੀਂ ਹੋਈ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਕਿਤਾਬ ਪ੍ਰਕਾਸ਼ਿਤ ਹੋਈ ਹੈ ਤਾਂ ਉਸ ਨੂੰ ਸਦਨ ਵਿੱਚ ਪੇਸ਼ ਕੀਤਾ ਜਾਵੇ।
ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਜਿਸ ਜਾਣਕਾਰੀ ਦਾ ਹਵਾਲਾ ਦੇ ਰਹੇ ਹਨ, ਉਹ ਅਸਲ ਵਿੱਚ ਇੱਕ ਮੈਗਜ਼ੀਨ ਦੀ ਰਿਪੋਰਟ ਹੈ, ਨਾ ਕਿ ਫੌਜ ਮੁਖੀ ਦੇ ਆਪਣੇ ਸ਼ਬਦ। ਉਨ੍ਹਾਂ ਕਿਹਾ ਕਿ ਜਿਹੜੀ ਕਿਤਾਬ ਛਪੀ ਹੀ ਨਹੀਂ, ਉਸ ਦਾ ਹਵਾਲਾ ਸਦਨ ਵਿੱਚ ਨਹੀਂ ਦਿੱਤਾ ਜਾ ਸਕਦਾ, ਜਿਸ ਮਗਰੋਂ ਸਪੀਕਰ ਓਮ ਬਿਰਲਾ ਨੇ ਸਪੱਸ਼ਟ ਕੀਤਾ ਕਿ ਸਦਨ ਵਿੱਚ ਸਿਰਫ਼ ਪ੍ਰਮਾਣਿਤ ਦਸਤਾਵੇਜ਼ ਜਾਂ ਅਖ਼ਬਾਰ ਦੀਆਂ ਕਲਿੱਪਿੰਗਾਂ ਹੀ ਚੱਲ ਸਕਦੀਆਂ ਹਨ। ਉਨ੍ਹਾਂ ਰਾਹੁਲ ਗਾਂਧੀ ਨੂੰ ਨਿਯਮਾਂ ਅਨੁਸਾਰ ਚੱਲਣ ਦੀ ਹਦਾਇਤ ਦਿੱਤੀ।
ਇਸ ਮਗਰੋਂ ਸਪਾ ਨੇਤਾ ਅਖਿਲੇਸ਼ ਯਾਦਵ ਨੇ ਰਾਹੁਲ ਗਾਂਧੀ ਦਾ ਸਮਰਥਨ ਕਰਦਿਆਂ ਕਿਹਾ ਕਿ ਚੀਨ ਦਾ ਮੁੱਦਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਇੱਕ ਸੰਵੇਦਨਸ਼ੀਲ ਮਾਮਲਾ ਹੈ, ਇਸ ਲਈ ਇਸ 'ਤੇ ਗੱਲ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਫੌਜ ਮੁਖੀ ਦੀ ਕਿਤਾਬ ਨੂੰ ਜਾਣਬੁੱਝ ਕੇ ਪ੍ਰਕਾਸ਼ਿਤ ਨਹੀਂ ਹੋਣ ਦਿੱਤਾ ਜਾ ਰਿਹਾ, ਜਦਕਿ ਸਰਕਾਰ ਨੇ ਇਸ ਨੂੰ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ।
