ਰਾਜ ਸਭਾ ’ਚ ਹਾਰ ਤੋਂ ਬਾਅਦ ਕਾਂਗਰਸ ’ਚ ਘਮਾਸਾਨ
Wednesday, Jun 24, 2026 - 12:23 PM (IST)
ਮੱਧ ਪ੍ਰਦੇਸ਼ ਅਤੇ ਝਾਰਖੰਡ ’ਚ ਹਾਲ ਹੀ ’ਚ ਹੋਈਆਂ ਦੋ-ਸਾਲਾ ਚੋਣਾਂ ’ਚ ਰਾਜ ਸਭਾ ਦੀਆਂ 2 ਸੀਟਾਂ ਹਾਰਨ ਤੋਂ ਬਾਅਦ ਕਾਂਗਰਸ ’ਚ ਘਮਾਸਾਨ ਮਚ ਗਿਆ ਹੈ। ਕਾਂਗਰਸ ਇਨ੍ਹਾਂ ਦੋਵਾਂ ਰਾਜ ਸਭਾ ਸੀਟਾਂ ਨੂੰ ਜਿੱਤਣ ਦੀ ਸਥਿਤੀ ’ਚ ਸੀ, ਕਿਉਂਕਿ ਸਬੰਧਤ ਰਾਜ ਵਿਧਾਨ ਸਭਾਵਾਂ ’ਚ ਉਸ ਕੋਲ ਲੋੜੀਂਦੀ ਗਿਣਤੀ ਸੀ।
ਮੀਨਾਕਸ਼ੀ ਨਟਰਾਜਨ ਦੇ ਨਾਮਜ਼ਦਗੀ ਪੱਤਰ ਸੰਭਾਲਣ ਦੀ ਜ਼ਿੰਮੇਵਾਰੀ ਜਿਨ੍ਹਾਂ ਪਾਰਟੀ ਨੇਤਾਵਾਂ ਨੂੰ ਦਿੱਤੀ ਗਈ ਸੀ, ਉਨ੍ਹਾਂ ਦੀ ਪ੍ਰਬੰਧਨ ’ਚ ਨਾਕਾਮਯਾਬੀ ਕਾਰਨ ਪਾਰਟੀ ਮੱਧ ਪ੍ਰਦੇਸ਼ ਦੀ ਸੀਟ ਹਾਰ ਗਈ, ਉੱਥੇ ਹੀ ਝਾਰਖੰਡ ’ਚ ਵੀ ਹਾਲਾਤ ਨੂੰ ਠੀਕ ਤਰ੍ਹਾਂ ਨਾਲ ਨਾ ਸੰਭਾਲ ਸਕਣ ਲਈ ਪਾਰਟੀ ਪ੍ਰਬੰਧਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕੰਮ-ਕਾਜ ਸੰਭਾਲਣ ਵਾਲੇ ਨੇਤਾ ਪਾਰਟੀ ਉਮੀਦਵਾਰ ਪ੍ਰਣਵ ਝਾਅ ਨੂੰ ਸੀਟ ਜਿਤਾਉਣ ’ਚ ਨਾਕਾਮ ਰਹੇ, ਕਿਉਂਕਿ ‘ਇੰਡੀਆ’ ਗਠਜੋੜ ਦੇ ਸਹਿਯੋਗੀ ਦਲਾਂ ਦੀ ਕਮਜ਼ੋਰ ਸਥਿਤੀ ਅਤੇ ਪਰੀਮਲ ਨਾਥਵਾਨੀ ਵਰਗੇ ਮਜ਼ਬੂਤ ਆਜ਼ਾਦ ਉਮੀਦਵਾਰ ਕਾਰਨ ਇਹ ਚੁਣੌਤੀ ਕਾਫ਼ੀ ਵੱਡੀ ਸੀ।
ਕਾਂਗਰਸ ਲੀਡਰਸ਼ਿਪ ਨੇ ਝਾਰਖੰਡ ਦੇ ਮੁੱਖ ਮੰਤਰੀ ਅਤੇ ਜੇ. ਐੱਮ. ਐੱਮ. ਮੁਖੀ ਹੇਮੰਤ ਸੋਰੇਨ ਦੀ ਗੱਲ ਨਹੀਂ ਮੰਨੀ। ਸੋਰੇਨ ਨੇ ਕਿਹਾ ਸੀ ਕਿ ਭਾਜਪਾ ਪਰੀਮਲ ਨਾਥਵਾਨੀ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ’ਚ ਉਤਾਰੇਗੀ, ਇਸ ਲਈ ਕਾਂਗਰਸ ਨੂੰ ਜਾਂ ਤਾਂ ਓਨਾ ਹੀ ਮਜ਼ਬੂਤ ਉਮੀਦਵਾਰ ਉਤਾਰਨਾ ਚਾਹੀਦਾ ਹੈ ਜਾਂ ਫਿਰ ਇਹ ਸੀਟ ਜੇ. ਐੱਮ. ਐੱਮ. ਨੂੰ ਦੇ ਦੇਣੀ ਚਾਹੀਦੀ ਹੈ ਜੋ ਇਸ ਨੂੰ ਸੰਭਾਲ ਲਵੇਗੀ ਪਰ ਪਾਰਟੀ ਹਾਈਕਮਾਂਡ ਹਰ ਹਾਲ ’ਚ ਇਹ ਸੀਟ ਜਿੱਤਣਾ ਚਾਹੁੰਦੀ ਸੀ।
ਨਾਥਵਾਨੀ ਦੇ ਮੁਕਾਬਲੇ ਪਾਰਟੀ ਵਰਕਰ ਝਾਅ ਕਮਜ਼ੋਰ ਉਮੀਦਵਾਰ ਸਾਬਤ ਹੋਏ। ਇਸ ਤੋਂ ਇਲਾਵਾ ਸੀਨੀਅਰ ਆਬਜ਼ਰਵਰ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਚੋਣ ਪ੍ਰਕਿਰਿਆ ਦੌਰਾਨ ਜ਼ਿਆਦਾ ਸਮਾਂ ਨਹੀਂ ਦਿੱਤਾ। ਇਕ ਹੋਰ ਆਬਜ਼ਰਵਰ ਅਜੇ ਸ਼ਰਮਾ ਸਨ, ਜੋ ਉਸ ਸਮੇਂ ਹਰਿਆਣਾ ਦੇ ਇੰਚਾਰਜ ਸਨ ਜਦੋਂ ਕੁਝ ਸਾਲ ਪਹਿਲਾਂ ਅਜੇ ਮਾਕਨ ਚੋਣ ਹਾਰ ਗਏ ਸਨ।
ਦੂਜੀ ਗੱਲ, ਰਾਜਦ ਦੇ 4 ਵਿਧਾਇਕਾਂ ਨੇ ਆਜ਼ਾਦ ਉਮੀਦਵਾਰ ਪਰੀਮਲ ਨਾਥਵਾਨੀ ਦੇ ਪੱਖ ’ਚ ਵੋਟ ਦਿੱਤੀ, ਕਿਉਂਕਿ ਬਿਹਾਰ ’ਚ ਕਾਂਗਰਸੀ ਵਿਧਾਇਕਾਂ ਨੇ ਉਨ੍ਹਾਂ ਦੇ ਉਮੀਦਵਾਰ ਨੂੰ ਵੋਟ ਨਹੀਂ ਦਿੱਤੀ ਅਤੇ ਏ. ਡੀ. ਸਿੰਘ ਚੋਣ ਹਾਰ ਗਏ। ਇਸ ਘਟਨਾ ਨੇ ਗਠਜੋੜ ਨੂੰ ਸੰਭਾਲਣ ’ਚ ਕਮੀਆਂ ਨੂੰ ਉਜਾਗਰ ਕੀਤਾ ਹੈ।
ਆਖਰਕਾਰ, ਨਾਥਵਾਨੀ ਕੋਈ ਆਮ ਸ਼ਖਸ ਨਹੀਂ ਹਨ। ਉਹ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਨਾਲ ਜੁੜੇ ਪ੍ਰਮੁੱਖ ਕਾਰੋਬਾਰੀ ਰਹੇ ਹਨ ਅਤੇ ਉਨ੍ਹਾਂ ਨੇ ਰਾਜ ਸਭਾ ਦੀਆਂ ਅਜਿਹੀਆਂ ਖੁੱਲ੍ਹੀਆਂ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਿੱਥੇ ‘ਮੈਨੇਜਮੈਂਟ’ ਦੀ ਲੋੜ ਹੁੰਦੀ ਹੈ। ਹੁਣ ਪਾਰਟੀ ’ਚ ਜ਼ਬਰਦਸਤ ਖਿੱਚੋਤਾਣ ਸ਼ੁਰੂ ਹੋ ਗਈ ਹੈ ਅਤੇ ਪਾਰਟੀ ’ਚ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਬੇਹੱਦ ਨਾਰਾਜ਼ ਹਨ; ਰਾਜ ਸਭਾ ਸੀਟ ਜਿੱਤਣ ’ਚ ਨਾਕਾਮ ਰਹੇ ਪ੍ਰਣਵ ਝਾਅ ਉਨ੍ਹਾਂ ਦੇ ਸਿਆਸੀ ਸਲਾਹਕਾਰ ਸਨ।
