ਰਾਹੁਲ ਗਾਂਧੀ ਭਾਰਤੀ ਲੋਕਤੰਤਰ ਲਈ ਹਨ ''ਕਾਲਾ ਧੱਬਾ'' : ਭਾਜਪਾ

Monday, Sep 09, 2024 - 05:08 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਮਰੀਕਾ ਵਿਚ ਤਾਜ਼ਾ ਟਿੱਪਣੀ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਭਾਰਤੀ ਲੋਕਤੰਤਰ ਲਈ 'ਕਾਲਾ ਧੱਬਾ' ਕਰਾਰ ਦਿੱਤਾ। ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਵੀ ਰਾਹੁਲ ਗਾਂਧੀ 'ਤੇ ਦੋਸ਼ ਲਗਾਇਆ ਕਿ ਉਹ ਵਿਦੇਸ਼ਾਂ 'ਚ ਆਪਣੀਆਂ ਟਿੱਪਣੀਆਂ ਨਾਲ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ,“ਹਰ ਕੋਈ ਜਾਣਦਾ ਹੈ ਕਿ ਰਾਹੁਲ ਗਾਂਧੀ ਇਕ ਨਾ-ਸਮਝਦਾਰ ਅਤੇ ਪਾਰਟ-ਟਾਈਮ ਨੇਤਾ ਹਨ ਪਰ ਜਦੋਂ ਤੋਂ ਉਹ ਵਿਰੋਧੀ ਧਿਰ (ਲੋਕ ਸਭਾ 'ਚ) ਦਾ ਨੇਤਾ ਬਣਿਆ ਹੈ, ਲੋਕਾਂ ਨੇ ਉਨ੍ਹਾਂ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ।'' ਭਾਟੀਆ ਨੇ ਇੱਥੇ ਭਾਜਪਾ ਹੈੱਡਕੁਆਰਟਰ 'ਚ ਇਕ ਪ੍ਰੈਸ ਕਾਨਫਰੰਸ 'ਚ ਕਿਹਾ,"ਪਰ ਮੈਨੂੰ ਦੁੱਖ ਨਾਲ ਇਹ ਕਹਿਣਾ  ਪੈ ਰਿਹਾ ਹੈ ਕਿ ਰਾਹੁਲ ਗਾਂਧੀ ਭਾਰਤੀ ਲੋਕਤੰਤਰ ਲਈ ਕਾਲਾ ਧੱਬਾ ਹੈ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਵਿਦੇਸ਼ਾਂ 'ਚ ਕੀ ਕਿਹਾ ਜਾਂਦਾ ਹੈ।'' ਭਾਜਪਾ ਦੇ ਬੁਲਾਰੇ ਅਮਰੀਕਾ 'ਚ ਇਕ ਸਮਾਗਮ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਵਿਰੁੱਧ ਗਾਂਧੀ ਦੀ ਟਿੱਪਣੀ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਸੀ ਕਿ ਭਾਰਤੀ ਰਾਜਨੀਤੀ 'ਚੋਂ ਪਿਆਰ, ਸਤਿਕਾਰ ਅਤੇ ਨਿਮਰਤਾ ਗਾਇਬ ਹੈ।

ਉਨ੍ਹਾਂ ਨੇ ਭਾਰਤ ਨੂੰ ਇਕ 'ਵਿਚਾਰ' ਮੰਨਣ ਲਈ ਆਰ.ਐੱਸ.ਐੱਸ. ਦੀ ਆਲੋਚਨਾ ਵੀ ਕੀਤੀ। ਰਾਹੁਲ ਨੇ ਕਿਹਾ ਸੀ,''ਆਰ.ਐੱਸ.ਐੱਸ. ਮੰਨਦਾ ਹੈ ਕਿ ਭਾਰਤ ਇਕ ਵਿਚਾਰ ਹੈ। ਅਸੀਂ ਮੰਨਦੇ ਹਾਂ ਕਿ ਭਾਰਤ ਵਿਚਾਰਾਂ ਦੀ ਵਿਭਿੰਨਤਾ ਵਾਲਾ ਦੇਸ਼ ਹੈ।'' ਕਾਂਗਰਸ ਆਗੂ ਨੇ ਐਤਵਾਰ ਨੂੰ ਡਲਾਸ 'ਚ ਆਪਣੀ ਮੌਜੂਦਾ ਅਮਰੀਕੀ ਯਾਤਰਾ 'ਤੇ ਭਾਰਤੀ ਪ੍ਰਵਾਸੀਆਂ ਨਾਲ ਆਪਣੀ ਪਹਿਲੀ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਰਾਹੁਲ ਅਮਰੀਕਾ ਦੀ ਚਾਰ ਦਿਨਾ ਗੈਰ ਸਰਕਾਰੀ ਯਾਤਰਾ 'ਤੇ ਹਨ। ਇਸ ਦੌਰਾਨ ਉਹ ਡਲਾਸ, ਟੈਕਸਾਸ ਅਤੇ ਵਾਸ਼ਿੰਗਟਨ ਦੀ ਯਾਤਰਾ ਕਰਨਗੇ ਅਤੇ ਭਾਰਤੀ ਮੂਲ ਦੇ ਲੋਕਾਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ। ਸੋਮਵਾਰ ਤੋਂ ਸ਼ੁਰੂ ਹੋਈ ਵਾਸ਼ਿੰਗਟਨ ਦੀ ਆਪਣੀ ਯਾਤਰਾ ਉਨ੍ਹਾਂ ਦੀ ਅਮਰੀਕਾ ਦੇ ਸੰਸਦ ਮੈਂਬਰਾਂ ਅਤੇ ਉੱਥੇ ਦੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਦੀ ਵੀ ਯੋਜਨਾ ਹੈ। ਰਾਹੁਲ ਨੇ ਭਾਰਤ 'ਚ ਨਿਰਮਾਣ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਗਲੋਬਲ ਉਤਪਾਦਨ 'ਚ ਚੀਨ ਦਾ ਪ੍ਰਭੂਤੱਵ ਹੈ, ਇਸ ਲਈ ਉਹ ਬੇਰੁਜ਼ਗਾਰੀ ਦਾ ਸਾਹਮਣਾ ਨਹੀਂ ਕਰ ਰਿਹਾ ਹੈ, ਜਦੋਂਕਿ ਭਾਰਤ ਅਤੇ ਅਮਰੀਕਾ ਸਮੇਤ ਪੱਛਮੀ ਦੇਸ਼ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਭਾਟੀਆ ਨੇ ਕਿਹਾ ਕਿ ਰਾਹੁਲ ਗਾਂਧੀ ਚੀਨ ਖ਼ਿਲਾਫ਼ ਇਕ ਵੀ ਸ਼ਬਦ ਨਹੀਂ ਬੋਲ ਸਕਦੇ ਹਨ ਜਾਂ ਕੋਈ ਬਿਆਨ ਦੇ ਸਕਦੇ ਹਨ। ਉਨ੍ਹਾਂ ਕਿਹਾ,''ਉਹ ਭਾਰਤ ਨੂੰ ਕਮਜ਼ੋਰ ਕਰਦੇ ਹਨ। ਉਹ ਚੀਨ ਨਾਲ ਖੜ੍ਹੇ ਹਨ।'' ਭਾਟੀਆ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਚੀਨ ਨਾਲ 'ਪਾਰਟੀ-ਟੂ ਪਾਰਟੀ ਐੱਮ.ਓ.ਯੂ' 'ਤੇ ਦਸਤਖ਼ਤ ਕੀਤੇ ਸਨ। ਉਨ੍ਹਾਂ ਕਿਹਾ,''ਰਾਹੁਲ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਇਹ ਉਸੇ ਸਮਝੌਤਾ ਮੰਗ ਪੱਤਰ ਦਾ ਨਤੀਜਾ ਹੈ। ਜੇਕਰ ਮੈਂ ਗਲਤ ਹਾਂ ਤਾਂ ਮੈਂ ਰਾਹੁਲ ਗਾਂਧੀ ਅਤੇ (ਕਾਂਗਰਸ ਪ੍ਰਧਾਨ) ਮਲਿਕਾਰਜੁਨ ਖੜਗੇ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਐੱਮ.ਓ.ਯੂ. ਨੂੰ ਜਨਤਕ ਕਰਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News