ਰਾਹੁਲ ਦਾ ਦਾਅਵਾ-ਮੋਦੀ ਰਾਹੀਂ ਅਰਨਬ ਨੂੰ ਮਿਲੀ ਸੀ ਬਾਲਾਕੋਟ ਏਅਰ ਸਟ੍ਰਾਈਕ ਦੀ ਜਾਣਕਾਰੀ
Tuesday, Jan 26, 2021 - 01:18 AM (IST)
ਕਰੂਰ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਉਹ ਵਿਅਕਤੀ ਹਨ ਜਿਨ੍ਹਾਂ ਰਾਹੀਂ ਬਾਲਾਕੋਟ ਏਅਰ ਸਟ੍ਰਾਈਕ ਤੋਂ ਪਹਿਲਾਂ ਹੀ ਉਸ ਦੀ ਜਾਣਕਾਰੀ ਰਿਪਬਲਿਕ ਟੀ.ਵੀ. ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਮਿਲੀ ਸੀ। ਰਾਹੁਲ ਨੇ ਆਪਣੇ ਦਾਅਵੇ ਨੂੰ ਲੈ ਕੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਪ੍ਰਧਾਨ ਮੰਤਰੀ ਦਫਤਰ ਵਲੋਂ ਵੀ ਸੋਮਵਾਰ ਰਾਤ ਤੱਕ ਇਸ ਦਾਅਵੇ 'ਤੇ ਕੋਈ ਜਵਾਬ ਨਹੀਂ ਆਇਆ ਸੀ।
ਰਾਹੁਲ ਨੇ ਇਥੇ ਇਕ ਰੋਡ ਸ਼ੋਅ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਹਵਾਈ ਫੌਜ ਦੇ ਮੁਖੀ ਸਮੇਤ ਸਿਰਫ 5 ਵਿਅਕਤੀਆਂ ਨੂੰ ਕਿਸੇ ਫੌਜੀ ਕਾਰਵਾਈ ਸਬੰਧੀ ਪਹਿਲਾਂ ਤੋਂ ਹੀ ਜਾਣਕਾਰੀ ਰਹੀ ਹੋਵੇਗੀ। ਉਨ੍ਹਾਂ ਅਰਨਬ ਦੀ ਵ੍ਹਟਸਐਪ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਕਿ ਇਕ ਪੱਤਰਕਾਰ ਬਾਲਾਕੋਟ ਵਿਖੇ ਹੋਈ ਏਅਰ ਸਟ੍ਰਾਈਕ ਬਾਰੇ ਪਹਿਲਾਂ ਤੋਂ ਹੀ ਜਾਣਦਾ ਸੀ। ਰਾਹੁਲ ਨੇ ਦੋਸ਼ ਲਾਇਆ ਕਿ 5 ਵਿਅਕਤੀਆਂ ਵਿਚੋਂ ਹੀ ਕਿਸੇ ਨੇ ਅਰਨਬ ਨੂੰ ਇਸ ਬਾਰੇ ਦੱਸਿਆ ਹੋਵੇਗਾ। ਜੇ ਪ੍ਰਧਾਨ ਮੰਤਰੀ ਨੇ ਨਹੀਂ ਦੱਸਿਆ ਤਾਂ ਉਹ ਸਾਰੇ ਮਾਮਲੇ ਦੀ ਜਾਂਚ ਦਾ ਹੁਕਮ ਕਿਉਂ ਨਹੀਂ ਦੇ ਰਹੇ।
56 ਇੰਚ ਦੀ ਛਾਤੀ ਵਾਲੇ ਚੀਨ 'ਤੇ ਚੁੱਪ
ਰਾਹੁਲ ਨੇ ਚੀਨ-ਭਾਰਤ ਦੀ ਸਰਹੱਦ 'ਤੇ ਡੈੱਡਲਾਕ ਬਾਰੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਉਨ੍ਹਾਂ ਦੀ ਛਾਤੀ 56 ਇੰਚ ਦੀ ਹੈ। ਅੱਜ ਚੀਨ ਦੀ ਫੌਜ ਭਾਰਤੀ ਸਰਹੱਦ ਅੰਦਰ ਬੈਠੀ ਹੋਈ ਹੈ। ਹਜ਼ਾਰਾਂ ਕਿਲੋਮੀਟਰ ਭਾਰਤੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਵਿਚ ਹਿੰਮਤ ਨਹੀਂ ਕਿ ਉਹ ਚੀਨ ਬਾਰੇ ਇਕ ਵੀ ਸ਼ਬਦ ਬੋਲਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।