ਉੱਤਰਾਖੰਡ: ਖਟੀਮਾ ਤੋਂ ਚੋਣ ਹਾਰੇ CM ਪੁਸ਼ਕਰ ਸਿੰਘ ਧਾਮੀ, ਹੁਣ ਕੌਣ ਬਣੇਗਾ ਮੁੱਖ ਮੰਤਰੀ?

Thursday, Mar 10, 2022 - 04:28 PM (IST)

ਉੱਤਰਾਖੰਡ: ਖਟੀਮਾ ਤੋਂ ਚੋਣ ਹਾਰੇ CM ਪੁਸ਼ਕਰ ਸਿੰਘ ਧਾਮੀ, ਹੁਣ ਕੌਣ ਬਣੇਗਾ ਮੁੱਖ ਮੰਤਰੀ?

ਦੇਹਰਾਦੂਨ– ਉੱਤਰਾਖੰਡ ਵਿਧਾਨ ਸਭਾ ਚੋਣਾਂ ’ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ। ਪਹਿਲਾਂ ਲਾਲਕੁਆਂ ਸੀਟ ਤੋਂ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਜਨਤਾ ਨੇ ਨਕਾਰਿਆ ਹੁਣ ਮੁੱਖ ਮੰਤਰੀ ਧਾਮੀ ਨੂੰ ਲੈ ਕੇ ਵੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁਸ਼ਕਰ ਸਿੰਘ ਧਾਮੀ ਖਟੀਮਾ ਵਿਧਾਨ ਸਭਾ ਸੀਟ ਤੋਂ ਲਗਭਗ 6 ਹਜ਼ਾਰ ਵੋਟਾਂ ਨਾਲ ਹਾਰ ਗਏ ਹਨ। ਪੁਸ਼ਕਰ ਸਿੰਘ ਧਾਮੀ ਦੀ ਇਸ ਹਾਰ ਨੂੰ ਵੱਡੀ ਹਾਰ ਮੰਨਿਆ ਜਾ ਰਿਹਾ ਹੈ। ਪੁਸ਼ਕਰ ਸਿੰਘ ਧਾਮੀ ਦੇ ਚੋਣ ਹਾਰਨ ਤੋਂ ਬਾਅਦ ਸੂਬੇ ਦੇ ਸਿਆਸੀ ਗਲਿਆਰਿਆਂ ’ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਅਟਕਲਾਂ ਵੀ ਤੇਜ਼ ਹੋ ਗਈਆਂ ਹਨ। 

ਇਹ ਵੀ ਪੜ੍ਹੋ– ਪੰਜਾਬ ’ਚ ‘ਆਪ’ ਦੀ ਹੂੰਝਾਫੇਰ ਜਿੱਤ, ਉੱਤਰਾਖੰਡ ’ਚ ਨਹੀਂ ਖੋਲ੍ਹ ਸਕੀ ਖਾਤਾ

ਪੁਸ਼ਕਰ ਸਿੰਘ ਧਾਮੀ ਖਟੀਮਾ ਤੋਂ ਲਗਾਤਾਰ ਦੋ ਵਾਰ ਚੋਣਾਂ ਜਿੱਤਦੇ ਆ ਰਹੇ ਸਨ। ਇਸ ਵਾਰ ਜਨਤਾ ਨੇ ਧਾਮੀ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਦੱਸ ਦੇਈਏ ਕਿ ਭਾਜਪਾ ਨੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ’ਚ ਲੜੀਆਂ। ਹੁਣ ਧਾਮੀ ਆਪਣੀ ਹੀ ਸੀਟ ਨਹੀਂ ਬਚਾਅ ਸਕੇ। 

ਉੱਤਰਾਖੰਡ ’ਚ ਫਿਲਹਾਲ ਭਾਜਪਾ ਨੇ 70 ’ਚੋਂ 11 ਸੀਟਾਂ ਜਿੱਤ ਲਈਆਂ ਹਨ ਅਤੇ 36 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇੱਥੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਹਨ ਅਤੇ 11 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇੱਥੇ 4 ਸੀਟਾਂ ’ਤੇ ਹੋਰ ਪਾਰਟੀਆਂ ਅੱਗੇ ਚੱਲ ਰਹੀਆਂ ਹਨ। ਪੰਜਾਬ ’ਚ ਵੱਡੀ ਲੀਡ ਨਾਲ ਜਿੱਤਣ ਵਾਲੀ ਆਮ ਆਦਮੀ ਪਾਰਟੀ ਉੱਤਰਾਖੰਡ ’ਚ ਖਾਤਾ ਵੀ ਨਹੀਂ ਖੋਲ੍ਹ ਸਕੀ।

ਦੱਸ ਦੇਈਏ ਕਿ ਅੱਜ ਤੋਂ 5 ਮਹੀਨੇ ਪਹਿਲਾਂ ਭਾਜਪਾ ਨੇ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਇਆ ਸੀ। ਉਦੋਂ ਭਾਜਪਾ ਆਲਾਕਮਾਨ ਨੇ ਕਈ ਬੈਠਕਾਂ ਦੇ ਦੌਰ ਤੋਂ ਬਾਅਦ ਦਿੱਗਜ ਨੇਤਾਵਾਂ ਵਿਚਾਲੇ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ 45 ਸਾਲਾ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਅਹੁਦਾ ਸੌਂਪਿਆ ਸੀ। ਪੁਸ਼ਕਰ ਸਿੰਘ ਧਾਮੀ ਨੇ ਸੂਬੇ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੂੰ ਚੁੱਕੀ ਸੀ। 

ਇਹ ਵੀ ਪੜ੍ਹੋ– ਉੱਤਰਾਖੰਡ ’ਚ ਕਾਂਗਰਸ ਨੂੰ ਵੱਡਾ ਝਟਕਾ, ਲਾਲਕੁਆਂ ਸੀਟ ਤੋਂ ਹਰੀਸ਼ ਰਾਵਤ ਹਾਰੇ


author

Rakesh

Content Editor

Related News