ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਜੋਸ਼ ਭਰਨ ਲਈ ਪੰਜਾਬੀ ਗਾਇਕਾਂ ਨੇ ਬਣਾਏ ਗੀਤ (ਵੇਖੋ ਵੀਡੀਓ)

Friday, Dec 04, 2020 - 11:51 AM (IST)

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਜੋਸ਼ ਭਰਨ ਲਈ ਪੰਜਾਬੀ ਗਾਇਕਾਂ ਨੇ ਬਣਾਏ ਗੀਤ (ਵੇਖੋ ਵੀਡੀਓ)

ਚੰਡੀਗੜ੍ਹ (ਭਾਸ਼ਾ) : ਦਿੱਲੀ ਦੀ ਸਰਹੱਦ 'ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਪੰਜਾਬੀ ਗਾਇਕ ਆਪਣੇ ਲੁਭਾਵਨੇ ਗੀਤਾਂ ਨਾਲ ਸਮਰਥਨ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਗੀਤ  ਦੇ ਬੋਲ ਹਨ, 'ਮੁੜਦੇ ਨਈ ਲਏ ਬਿਨਾਂ ਹੱਕ, ਦਿੱਲੀਏ' ਯਾਨੀ ਦਿੱਲੀ ਅਸੀਂ ਆਪਣਾ ਹੱਕ ਲਏ ਬਿਨਾਂ ਵਾਪਸ ਨਹੀਂ ਪਰਤਾਂਗੇ। ਇਸ ਨਾਲ ਪੰਜਾਬੀ ਕਿਸਾਨਾਂ ਦਾ ਨਵੇਂ ਕਾਨੂੰਨਾਂ ਨੂੰ ਰੱਦ ਕਰਣ ਦੀਆਂ ਮੰਗਾਂ ਦੇ ਪ੍ਰਤੀ ਦ੍ਰਿੜ ਨਿਸ਼ਚਾ ਝਲਕ ਰਿਹਾ ਹੈ। ਕਿਸਾਨਾਂ ਦੇ ਸੰਘਰਸ਼ 'ਤੇ ਬਣੇ ਇਹ ਗੀਤ ਸਿੰਘੂ ਅਤੇ ਟੀਕਰੀ ਸਰਹੱਦ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਇਸ ਪੰਜਾਬੀ ਕ੍ਰਿਕਟਰ ਦਾ ਪਰਿਵਾਰ ਵੀ ਪਹੁੰਚਿਆ ਸਿੰਘੂ ਸਰਹੱਦ


ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਕਿਹਾ ਕਿ ਬੁੱਧਵਾਰ ਨੂੰ ਉਹ ਇਕ ਨਵਾਂ ਗਾਣਾ ਲੈ ਕੇ ਆਏ ਸਨ। 'ਮੁੜਦੇ ਨਈ ਲਏ ਬਿਨਾਂ ਹੱਕ, ਦਿੱਲੀਏ' ਦੇ ਗਾਇਕ ਮਾਨ ਨੇ ਕਿਹਾ ਕਿ 6 ਮਹੀਨੇ ਦਾ ਰਾਸ਼ਨ ਲੈ ਕੇ ਕਿਸਾਨ ਉੱਥੇ ਵਿਰੋਧ ਕਰਣ ਪੁੱਜੇ ਹਨ, ਕਿਉਂਕਿ ਇਹ ਉਨ੍ਹਾਂ ਦੇ ਖੇਤਾਂ ਅਤੇ ਹੋਂਦ ਦੀ ਲੜਾਈ ਹੈ। ਗਾਣੇ ਦੀ ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਕਿਵੇਂ ਕਿਸਾਨਾਂ ਨੇ ਦਿੱਲੀ ਦੇ ਰਸਤੇ ਵਿਚ ਪਾਣੀ ਦੀਆਂ ਵਾਛੜਾਂ ਦਾ ਸਾਹਮਣਾ ਕੀਤਾ ਅਤੇ ਪੁਲਸ ਦੇ ਬੈਰੀਕੇਡ ਤੋੜੇ।  ਕਰੀਬ ਇਕ ਮਹੀਨਾ ਪਹਿਲਾਂ ਮਾਨ ਨੇ ਇਕ ਹੋਰ ਗਾਣਾ 'ਅੰਨਦਾਤਾ, ਖੇਤ ਸਾਡੀ ਮਾਂ, ਖੇਤ ਸਾਡੀ ਪੱਗ' (ਖੇਤ ਸਾਡੀ ਮਾਂ ਹੈ, ਖੇਤ ਸਾਡੀ ਸ਼ਾਨ ਹੈ) ਜਾਰੀ ਕੀਤਾ ਸੀ।

ਇਹ ਵੀ ਪੜ੍ਹੋ : ਵਿਰਾਟ ਅਤੇ ਅਨੁਸ਼ਕਾ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼, ਜਾਣੋ ਕਿੰਨੀ ਹੈ ਦੋਵਾਂ ਦੀ 'ਨੈੱਟਵਰਥ'


ਗਾਇਕ ਕੰਵਰ ਗਰੇਵਾਲ ਦਾ ਗੀਤ, 'ਐਲਾਨ, ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੁਗਾ, ਪਰ ਫਸਲਾਂ ਦੇ ਫ਼ੈਸਲੇ ਕਿਸਾਨ ਕਰੁਗਾ' (ਦਿੱਲੀ, ਇਹ ਸਭਾ ਤੁਹਾਨੂੰ ਪਰੇਸ਼ਾਨ ਕਰੇਗੀ ਪਰ ਸਿਰਫ਼ ਕਿਸਾਨ ਹੀ ਫਸਲਾਂ ਦੀ ਕੀਮਤ ਤੈਅ ਕਰਣਗੇ) ਵੀ ਪ੍ਰਦਰਸ਼ਨਕਾਰੀਆਂ ਵਿਚਾਲੇ ਲੋਕਪ੍ਰਿਯ ਹੋ ਰਿਹਾ ਹੈ। ਗਰੇਵਾਲ ਦਾ ਇਕ ਹੋਰ ਗਾਣਾ 'ਪੇਚਾ' ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਗਾਇਕਾਂ ਦਾ ਕਹਿਣਾ ਹੈ ਕਿ ਉਹ ਵੀ ਕਿਸਾਨਾਂ ਦੇ ਬੱਚੇ ਹਨ ਅਤੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਵਿਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਾ ਉਨ੍ਹਾਂ ਦੇ ਲਈ ਸੁਭਾਵਿਕ ਹੈ।



ਇਕ ਹੋਰ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੰਜਾਬੀ ਕਲਾਕਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਾਲੇ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਨ। ਸਿੱਧੂ ਮੂਸੇਵਾਲਾ, ਬੱਬੂ ਮਾਨ ਅਤੇ ਹਰਫ ਚੀਮਾ ਸਮੇਤ ਕਈ ਪੰਜਾਬੀ ਗਾਇਕ ਪਹਿਲਾਂ ਹੀ ਕਿਸਾਨਾਂ ਲਈ ਆਪਣਾ ਸਮਰਥਨ ਪ੍ਰਗਟ ਕਰ ਚੁੱਕੇ ਹਨ।  

ਇਹ ਵੀ ਪੜ੍ਹੋ: ਆਮ ਜਨਤਾ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ, ਇੱਥੇ ਚੈੱਕ ਕਰੋ ਨਵੇਂ ਭਾਅ


author

cherry

Content Editor

Related News