ਮੁੰਬਈ ''ਚ ਚੋਰੀਆਂ ਕਰਨ ਵਾਲਾ ਪੰਜਾਬ ਦਾ ਚੋਰ ਸੂਰਤ ''ਚ ਕਾਬੂ, 45.26 ਲੱਖ ਰੁਪਏ ਦਾ ਮਾਲ ਬਰਾਮਦ
Thursday, Aug 06, 2026 - 10:21 PM (IST)
ਸੂਰਤ : ਮੁੰਬਈ ਦੇ ਪੌਸ਼ ਇਲਾਕਿਆਂ ਵਿੱਚ ਬੰਦ ਘਰਾਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲਾ ਇੱਕ ਸ਼ਾਤਰ ਚੋਰ ਸੂਰਤ ਪੁਲਸ ਵੱਲੋਂ ਨਿਓਲ ਚੈੱਕਪੋਸਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਚੋਰੀ ਦਾ ਸਾਮਾਨ ਲੈ ਕੇ ਜਨਤਕ ਟ੍ਰਾਂਸਪੋਰਟ ਰਾਹੀਂ ਰਾਜਸਥਾਨ ਦੇ ਖਾਟੂ ਸ਼ਿਆਮ ਮੰਦਰ ਵਿੱਚ ਮੱਥਾ ਟੇਕਣ ਜਾ ਰਿਹਾ ਸੀ। ਵਾਹਨਾਂ ਦੀ ਚੈਕਿੰਗ ਦੌਰਾਨ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 45.26 ਲੱਖ ਰੁਪਏ ਤੋਂ ਵੱਧ ਦਾ ਚੋਰੀ ਦਾ ਮਾਲ ਬਰਾਮਦ ਕੀਤਾ ਗਿਆ।
ਫੜੇ ਗਏ ਮੁਲਜ਼ਮ ਦੀ ਪਛਾਣ ਕਮਲਜੀਤ ਸਿੰਘ ਉਰਫ਼ ਸ਼ਨੀ ਸਿੰਘ ਕੁਲਜੀਤ ਸਿੰਘ ਗੁਰਦੀਪ ਸਿੰਘ ਬੱਗੂ (26) ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਨਵੀਂ ਮੁੰਬਈ ਅਤੇ ਸਾਇਨ ਕੋਲੀਵਾੜਾ (ਮੁੰਬਈ) ਵਿੱਚ ਰਹਿ ਰਿਹਾ ਸੀ। ਮੁਲਜ਼ਮ ਪਹਿਲਾਂ ਵੀ ਸਾਲ 2017 ਤੋਂ 2025 ਦਰਮਿਆਨ ਮੁੰਬਈ ਦੇ ਕਈ ਇਲਾਕਿਆਂ ਜਿਵੇਂ ਧਾਰਾਵੀ, ਜੋਗੇਸ਼ਵਰੀ, ਕਾਲਾਚੌਕੀ, ਖੇਰਵਾੜੀ, ਮਾਹਿਮ ਅਤੇ ਆਰ.ਸੀ.ਐੱਫ. ਥਾਣਾ ਖੇਤਰਾਂ ਵਿੱਚ ਚੋਰੀ ਅਤੇ ਘਰਾਂ ਦੇ ਤਾਲੇ ਤੋੜਨ ਦੇ ਮਾਮਲਿਆਂ ਵਿੱਚ ਫੜਿਆ ਜਾ ਚੁੱਕਾ ਹੈ।
ਸੂਰਤ ਦੀ ਡੀ.ਸੀ.ਪੀ. ਡਾਕਟਰ ਕਾਨਨ ਦੇਸਾਈ ਨੇ ਦੱਸਿਆ ਕਿ ਸਾਰੋਲੀ ਥਾਣਾ ਪੁਲਸ ਦੀ ਟੀਮ ਸੂਰਤ-ਬਾਰਡੋਲੀ ਰੋਡ ਸਥਿਤ ਨਿਓਲ ਚੈੱਕਪੋਸਟ 'ਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮੁੰਬਈ ਦਾ ਇੱਕ ਚੋਰ ਚੋਰੀ ਦੇ ਮਾਲ ਨਾਲ ਜਨਤਕ ਵਾਹਨ ਰਾਹੀਂ ਉੱਥੋਂ ਲੰਘਣ ਵਾਲਾ ਹੈ। ਪੁਲਸ ਨੇ ਨਾਕਾਬੰਦੀ ਸਖ਼ਤ ਕਰ ਦਿੱਤੀ ਅਤੇ ਪੈਦਲ ਆ ਰਹੇ ਇੱਕ ਸ਼ੱਕੀ ਨੌਜਵਾਨ ਨੂੰ ਘੇਰ ਕੇ ਕਾਬੂ ਕਰ ਲਿਆ।
ਮੁਲਜ਼ਮ ਦੇ ਬੈਗ ਦੀ ਤਲਾਸ਼ੀ ਲੈਣ 'ਤੇ ਬਹੁਤ ਸਾਰਾ ਸਾਮਾਨ ਬਰਾਮਦ ਹੋਇਆ, ਜਿਸਦੀ ਕੁੱਲ ਕੀਮਤ 45,26,690 ਰੁਪਏ ਦੱਸੀ ਗਈ ਹੈ। ਬਰਾਮਦ ਸਾਮਾਨ ਵਿਚ 329.3 ਗ੍ਰਾਮ ਸੋਨੇ ਦੇ ਗਹਿਣੇ (ਕੀਮਤ 44,12,620 ਰੁਪਏ), 70,070 ਰੁਪਏ ਨਕਦ, 24,000 ਰੁਪਏ ਦੀ ਕੀਮਤ ਦਾ ਸਮਾਰਟਫ਼ੋਨ, ਲਗਭਗ 20,000 ਰੁਪਏ ਦੀਆਂ ਦੋ ਹੱਥ ਘੜੀਆਂ ਸ਼ਾਮਲ ਹਨ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੁੰਬਈ ਦੀ ਐੱਮ.ਐੱਚ.ਬੀ. ਕਲੋਨੀ ਵਿੱਚ ਦੋ ਬੰਦ ਮਕਾਨਾਂ ਸਮੇਤ ਕੁੱਲ ਛੇ ਘਰਾਂ ਵਿੱਚ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ। ਪੁਲਸ ਮੁਤਾਬਕ ਉਹ ਉਨ੍ਹਾਂ ਘਰਾਂ ਦੀ ਰੇਕੀ ਕਰਦਾ ਸੀ, ਜਿੱਥੇ ਰਾਤ ਨੂੰ ਲਾਈਟਾਂ ਨਹੀਂ ਜਲਦੀਆਂ ਸਨ, ਕਈ ਦਿਨਾਂ ਤੋਂ ਅਖ਼ਬਾਰ ਬਾਹਰ ਪਏ ਰਹਿੰਦੇ ਸਨ ਜਾਂ ਪੂਜਾ ਦੇ ਸੁੱਕੇ ਫੁੱਲ ਲੰਬੇ ਸਮੇਂ ਤੋਂ ਬਾਹਰ ਦਿਖਾਈ ਦਿੰਦੇ ਸਨ।
ਡੀ.ਸੀ.ਪੀ. ਕਾਨਨ ਦੇਸਾਈ ਮੁਤਾਬਕ ਮੁਲਜ਼ਮ ਦੀ ਭੈਣ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਚੋਰੀ ਦੇ ਧੰਦੇ ਵਿੱਚ ਸ਼ਾਮਲ ਹਨ। ਇਹ ਲੋਕ ਚੋਰੀ ਕੀਤੇ ਸੋਨੇ ਨੂੰ ਪਿਘਲਾ ਕੇ ਵੇਚਣ ਦਾ ਕੰਮ ਕਰਦੇ ਸਨ। ਸੂਰਤ ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 41(ਡੀ) ਤਹਿਤ ਕਾਰਵਾਈ ਕਰਦਿਆਂ ਉਸ ਨੂੰ ਅਗਲੀ ਜਾਂਚ ਲਈ ਮੁੰਬਈ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
