ਪੁਣੇ ਦੀ ਕੇਕ ਕਲਾਕਾਰ ਨੇ ਬਣਾਇਆ 100 ਕਿਲੋ ਦਾ ‘ਰਾਇਲ ਆਈਸਿੰਗ ਕੇਕ’, ਵੇਖ ਕੇ ਰਹਿ ਜਾਓਗੇ ਹੈਰਾਨ
Wednesday, Mar 09, 2022 - 12:43 PM (IST)
ਪੁਣੇ– ਮਹਾਰਾਸ਼ਟਰ ਦੇ ਪੁਣੇ ਦੀ ਕੇਕ ਕਲਾਕਾਕਰ ਪ੍ਰਾਚੀ ਧਾਬਲ ਦੇਬ ਨੇ 100 ਕਿਲੋ ਦਾ ਰਾਇਲ ਆਈਸਿੰਗ ਕੇਕ ਬਣਾ ਕੇ ‘ਵਰਲਡ ਬੁਕ ਆਫ਼ ਰਿਕਾਰਡਜ਼’ ’ਚ ਆਪਣੀ ਥਾਂ ਬਣਾਈ ਹੈ। ਪ੍ਰਾਚੀ ਨੇ ਦੱਸਿਆ ਕਿ ਮੈਂ 2015 ਤੋਂ ਰਾਇਲ ਆਈਸਿੰਗ ਕਰਨੀ ਸ਼ੁਰੂ ਕੀਤੀ। ਇਹ ਮਿਲਾਨ ਕੈਥੇਡਰਲ ਦਾ ਰੇਪਲਿਕਾ ਹੈ, ਇਸ ਨੂੰ ਬਣਾਉਣ ’ਚ ਮੈਨੂੰ ਇਕ ਮਹੀਨੇ ਦਾ ਸਮਾਂ ਲੱਗਾ। ਪ੍ਰਾਚੀ ਦਾ ਸਭ ਤੋਂ ਮਜ਼ਬੂਤ ਪੱਖ ਰਾਇਲ ਆਈਸਿੰਗ ਦੀ ਜਟਿਲ ਕਲਾ ’ਤੇ ਮਹਾਰਤ ਹੈ। ਪ੍ਰਾਚੀ ਦੀ ਨਵੀਂ ਪ੍ਰਾਪਤੀ ਮਿਲਾਨ ਕੈਥੇਡਰਲ ਦੀ 100 ਕਿਲੋ ਦੀ ਸ਼ਾਕਾਹਾਰੀ ਲਘੂ ਆਕ੍ਰਿਤੀ ਹੈ, ਜਿਸ ਦੀ ਲੰਬਾਈ 6 ਫੁੱਟ 4 ਇੰਚ, ਉੱਚਾਈ 4 ਫੁੱਟ 6 ਇੰਚ ਅਤੇ ਚੌੜਾਈ 3 ਫੁੱਟ 10 ਇੰਚ ਹੈ।
ਪ੍ਰਾਚੀ ਦਾ ਪਾਲਣ-ਪੋਸ਼ਨ ਦੇਹਰਾਦੂਨ ’ਚ ਹੋਇਆ। ਉਨ੍ਹਾਂ ਦੇਹਰਾਦੂਨ ਦੇ ਡਾਲਨਵਾਲਾ ਸਥਿਤ ਕਾਰਮਨ ਸਕੂਲ ਤੋਂ ਜਮਾਤ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਉਸ ਤੋਂ ਬਾਅਦ ਆਈ. ਟੀ. ਪੇਸ਼ੇਵਰ ਨਾਲ ਵਿਆਹ ਕਰਵਾ ਲਿਆ। ਫ਼ਿਲਹਾਲ ਪ੍ਰਾਚੀ ਪੁਣੇ ’ਚ ਰਹਿੰਦੀ ਹੈ। ਪ੍ਰਾਚੀ ਨੇ ਦੱਸਿਆ ਕਿ ਆਮ ਤੌਰ ’ਤੇ ਰਾਇਲ ਆਈਸਿੰਗ ਲਈ ਰਵਾਇਤੀ ਨੁਸਖ਼ੇ ’ਚ ਅੰਡਿਆਂ ਦਾ ਇਸਤੇਮਾਲ ਹੁੰਦਾ ਹੈ ਪਰ ਭਾਰਤੀ ਬਜ਼ਾਰ ਵਿਚ ਦਿਲਚਸਪੀ ਬਣਾਉਣ ਲਈ ਉਸ ਨੇ ਇਕ ਭਾਰਤੀ ਕੰਪਨੀ ਸੁਗਰਿਨ ਦੇ ਸਹਿਯੋਗ ਨਾਲ ਰਾਇਲ ਆਈਸਿੰਗ ਸਬੰਧੀ ਅੰਡਾ ਮੁਕਤ ਅਤੇ ਸ਼ਾਕਾਹਾਰੀ ਉਤਪਾਦ ਵਿਕਸਿਤ ਕੀਤਾ। ਹੁਣ ਇਹ ਉਤਪਾਦ ਭਾਰਤ ਦੇ ਨਾਲ-ਨਾਲ ਦੁਨੀਆ ਭਰ ’ਚ ਉਪਲੱਬਧ ਹੈ।
ਪ੍ਰਾਚੀ ਨੇ ਇਸ ਰਾਇਲ ਆਈਸਿੰਗ ਕੇਕ ਨੂੰ ਬਣਾਉਣ ਬਾਰੇ ਦੱਸਿਆਕਿ ਇਸ ਦੀ ਯੋਜਨੀ ਅਤੇ ਤਿਆਰੀ ’ਚ ਬਹੁਤ ਸਮਾਂ ਲੱਗਾ, ਕਿਉਂਕਿ ਕੈਥਡਰਲ ਨੂੰ ਪ੍ਰਦਰਸ਼ਿਤ ਕਰਨ ਲਈ ਲੱਗਭਗ 1500 ਟੁਕੜਿਆਂ ਦੀ ਲੋੜ ਸੀ। ਮੈਂ ਇਕੱਲੇ ਹੀ ਹਰ ਟੁੱਕੜੇ ਨੂੰ ਤਿਆਰ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਆਪਸ ’ਚ ਜੋੜਿਆ, ਜਿਸ ’ਚ ਕਰੀਬ ਇਕ ਮਹੀਨੇ ਦਾ ਸਮਾਂ ਲੱਗਾ। ਉਨ੍ਹਾਂ ਨੇ ਕਿਹਾ ਕਿ ਵਰਲਡ ਬੁਕ ਆਫ਼ ਰਿਕਾਰਡਜ਼, ਲੰਡਨ ਤੋਂ ਉਨ੍ਹਾਂ ਦੇ ਕੰਮ ਦਾ ਸਰਟੀਫਿਕੇਟ ਮਿਲਣਾ ਅਸਲ ’ਚ ਇਕ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ।