ਪੁਲਵਾਮਾ ਹਮਲੇ ਨੂੰ ਲੈ ਕੇ ਕਸ਼ਮੀਰ ''ਚ ਐੱਨ.ਆਈ.ਏ. ਦੀ ਛਾਪੇਮਾਰੀ ਜਾਰੀ

02/29/2020 1:40:32 PM

ਸ਼੍ਰੀਨਗਰ— ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਬੀਤੇ ਸਾਲ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਫਲੇ 'ਤੇ ਅੱਤਵਾਦੀ ਹਮਲੇ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਦੀ ਛਾਪੇ ਦੀ ਕਾਰਵਾਈ ਸ਼ਨੀਵਾਰ ਦੂਜੇ ਦਿਨ ਵੀ ਜਾਰੀ ਰਹੀ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਪੁਲਵਾਮਾ ਜ਼ਿਲੇ ਦੇ ਬਕਰੀਪੋਰਾ ਅਤੇ ਹਾਜੀਬਲ 'ਚ ਅੱਤਵਾਦੀਆਂ ਦੇ ਘਰਾਂ 'ਤੇ ਛਾਪੇ ਮਾਰੇ।

ਐੱਨ.ਆਈ.ਏ. ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜੈਸ਼-ਏ- ਮੁਹੰਮਦ ਦੇ ਅੱਤਵਾਦੀ ਸ਼ਕੀਰ ਬਸ਼ੀਰ ਮਾਰਗੇ ਨੂੰ ਗ੍ਰਿਫਤਾਰ ਕੀਤਾ ਸੀ। ਮਾਰਗੇ ਬੀਤੇ ਸਾਲ ਅਵੰਤੀਪੋਰਾ 'ਚ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਸੀ.ਆਰ.ਪੀ.ਐੱਫ. ਜਵਾਨਾਂ ਦੇ ਵਾਹਨ ਤੋਂ ਆਰ.ਡੀ.ਐਕਸ ਭਰੀ ਕਾਰ ਨੂੰ ਟਕਰਾਉਣ ਵਾਲੇ ਅੱਤਵਾਦੀ ਆਦਿਲ ਅਹਿਮਦ ਡਾਰ ਦੀ ਮਦਦ ਦਾ ਦੋਸ਼ੀ ਹੈ। ਸ਼ਕੀਰ ਹਾਜੀਬਲ ਕਾਕਪੋਰਾ ਦਾ ਵਾਸੀ ਹੈ ਅਤੇ ਇਸ ਨੇ ਪੁਲਵਾਮਾ 'ਚ ਕਥਿਤ ਤੌਰ 'ਤੇ ਅੱਤਵਾਦੀਆਂ ਨੂੰ ਪਨਾਹ ਅਤੇ ਹੋਰ ਮਦਦ ਮੁਹੱਈਆ ਕਰਵਾਈ ਸੀ। ਦੱਸਣਯੋਗ ਹੈ ਕਿ ਪੁਲਸ ਅਤੇ ਸੁਰੱਖਿਆ ਫੋਰਸਾਂ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ 'ਚ ਸ਼ਾਮਲ ਸਾਰੇ ਅੱਤਵਾਦੀਆਂ ਨੂੰ ਵੱਖ-ਵੱਖ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ ਹੈ। ਐੱਨ.ਆਈ.ਏ. ਨੇ ਇਸ ਮਾਮਲੇ ਨੂੰ ਆਪਣੇ ਹੱਥ 'ਚ ਲੈਣ ਤੋਂ ਬਾਅਦ ਛਾਪੇ ਮਾਰ ਕੇ ਕਈ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।


DIsha

Content Editor

Related News