ਸ਼੍ਰੀਨਗਰ ’ਚ ਕਸ਼ਮੀਰੀ ਪੰਡਤ ਅਤੇ ਪੁਲਸ ਕਾਂਸਟੇਬਲ ਦੇ ਕਤਲ ਦੇ ਵਿਰੋਧ ’ਚ ਪ੍ਰਦਰਸ਼ਨ
Saturday, May 14, 2022 - 03:00 PM (IST)

ਸ਼੍ਰੀਨਗਰ– ਕਸ਼ਮੀਰੀ ਪੰਡਤ ਰਾਹੁਲ ਭੱਟ ਅਤੇ ਇਕ ਪੁਲਸ ਮੁਲਾਜ਼ਮ ਰਿਆਜ਼ ਅਹਿਮਦ ਦੇ ਕਤਲ ਦੇ ਵਿਰੋਧ ’ਚ ਸ਼ਨੀਵਾਰ ਨੂੰ ਤੀਜੇ ਦਿਨ ਵੀ ਇੱਥੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਭਾਜਪਾ ਪਾਰਟੀ ਦੇ ਵਰਕਰਾਂ ਨੇ ਵੀ ਭੱਟ ਅਤੇ ਰਿਆਜ਼ ਦੇ ਕਤਲ ਦੇ ਵਿਰੋਧ ’ਚ ਸ਼੍ਰੀਨਗਰ ’ਚ ਅੱਜ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਾਏ ਅਤੇ ਪ੍ਰਧਾਨ ਮੰਤਰੀ ਤੋਂ ਪਾਕਿਸਤਾਨ ਨੂੰ ਇਕ ਹੋਰ ਸਬਕ ਸਿਖਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: ਬੜਗਾਓਂ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਨੂੰ ਮਾਰੀ ਗੋਲੀ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਸ਼ਮੀਰ ’ਚ ਸ਼ਾਂਤੀ ਕਾਇਮ ਹੋਣ ਲੱਗੀ ਹੈ ਅਤੇ ਕਸ਼ਮੀਰ ਘਾਟੀ ਦਾ ਸੈਰ-ਸਪਾਟਾ ਆਪਣੇ ਪੁਰਾਣੇ ਫਾਰਮ ’ਚ ਪਰਤ ਰਿਹਾ ਹੈ। ਉੱਥੇ ਹੀ ਪਾਕਿਸਤਾਨ ਅਤੇ ਉਸ ਦੀ ਸ਼ਹਿ ’ਚ ਪਲ ਰਹੇ ਅੱਤਵਾਦੀ ਖ਼ੁਦ ਦੇ ਵਜੂਦ ਨੂੰ ਜ਼ਿੰਦਾ ਰੱਖਣ ਲਈ ਰਾਹੁਲ ਅਤੇ ਰਿਆਜ਼ ਵਰਗੇ ਬੇਕਸੂਰ ਲੋਕਾਂ ਦਾ ਕਤਲ ਨੂੰ ਅੰਜ਼ਾਮ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਭੱਟ ਦੀ ਬੜਗਾਮ ’ਚ ਤਹਿਸੀਲ ਦਫ਼ਤਰ ਕੰਪਲੈਕਸ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਦੂਜੇ ਦਿਨ ਪੁਲਵਾਮਾ ’ਚ ਕਾਂਸਟੇਬਲ ਰਿਆਜ਼ ਦੀ ਵੀ ਇਵੇਂ ਹੀ ਜਾਨ ਲੈ ਲਈ ਗਈ। ਭੱਟ ਦੇ ਕਤਲ ਦੇ ਵਿਰੋਧ ’ਚ ਪੰਡਤਾਂ ਦੇ ਇਕ ਸਮੂਹ ਦਾ ਸ਼੍ਰੀਨਗਰ ’ਚ ਧਰਨਾ ਜਾਰੀ ਹੈ। ਦੂਜੇ ਪਾਸੇ ਬੜਗਾਮ ਦੇ ਸ਼ੇਖਪੋਰਾ ’ਚ ਪੁਲਸ ਨੇ ਕਸ਼ਮੀਰੀ ਪੰਡਤਾਂ ਨੂੰ ਪ੍ਰਦਰਸ਼ਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ੇਖਪੋਰਾ ’ਚ ਵੀਰਵਾਰ ਦੀ ਘਟਨਾ ਤੋਂ ਬਾਅਦ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਟੁਕੜੀ ਨੂੰ ਤਾਇਨਾਤ ਕੀਤਾ ਗਿਆ ਹੈ।