ਦੇਹ ਵਪਾਰ ਗਿਰੋਹ ਦਾ ਪਰਦਾਫਾਸ਼, 8 ਔਰਤਾਂ ਨੂੰ ਬਚਾਇਆ ਗਿਆ
Saturday, Jul 20, 2024 - 05:29 PM (IST)

ਠਾਣੇ- ਨਵੀਂ ਮੁੰਬਈ ਪੁਲਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦੇ ਹੋਏ ਇਕ ਆਟੋਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ ਅਤੇ 8 ਔਰਤਾਂ ਨੂੰ ਛੁਡਵਾਇਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਸ ਤੋਂ ਪਹਿਲਾਂ ਆਟੋ ਚਾਲਕ ਵੱਲੋਂ ਦਿੱਤੀ ਸੂਚਨਾ ਦੇ ਆਧਾਰ 'ਤੇ ਇਕ ਔਰਤ ਨੂੰ ਹੋਟਲ ਦੇ ਕਮਰੇ 'ਚੋਂ ਛੁਡਵਾਇਆ ਸੀ। ਨਵੀਂ ਮੁੰਬਈ ਪੁਲਸ ਦੇ ਮਨੁੱਖੀ ਤਸਕਰੀ ਵਿਰੋਧੀ ਸੈੱਲ ਦੇ ਇੰਸਪੈਕਟਰ ਪ੍ਰਿਥਵੀਰਾਜ ਘੋਰਪੜੇ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਆਨਲਾਈਨ ਗਾਹਕਾਂ ਨੂੰ ਆਕਰਸ਼ਿਤ ਕਰਨ ਤੋਂ ਬਾਅਦ ਔਰਤਾਂ ਨੂੰ ਵੱਖ-ਵੱਖ 'ਲੌਜ' 'ਚ ਭੇਜ ਰਿਹਾ ਹੈ, ਜਿਸ ਤੋਂ ਬਾਅਦ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਫਰਜ਼ੀ ਗਾਹਕ ਦੀ ਮਦਦ ਨਾਲ ਉਨ੍ਹਾਂ ਨੇ ਹਾਲ ਹੀ 'ਚ ਆਟੋ ਡਰਾਈਵਰ ਪ੍ਰਦੀਪ ਯਾਦਵ ਨੂੰ ਫੜਿਆ ਹੈ, ਜੋ ਔਰਤਾਂ ਨੂੰ ਹੋਟਲਾਂ 'ਚ ਲੈ ਕੇ ਜਾਂਦਾ ਸੀ। ਯਾਦਵ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਪੁਲਸ ਨੇ ਪਹਿਲਾਂ ਇਕ ਔਰਤ ਨੂੰ ਛੁਡਵਾਇਆ ਫਿਰ ਉਸ ਦੀ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਨੇਰੂਲ ਇਲਾਕੇ ਦੇ ਸ਼ਿਰਾਵਨੇ ਦੇ ਇਕ ਕਮਰੇ 'ਚੋਂ 8 ਔਰਤਾਂ ਨੂੰ ਬਚਾਇਆ।
ਪੁਲਸ ਨੇ ਉਥੋਂ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਵਿਸ਼ਨੂੰ ਉਰਫ਼ ਵਿਕਾਸ ਕੁਮਾਰ ਜਾਨਕੀ ਯਾਦਵ (28) ਅਤੇ ਇੰਦਰਜੀਤ ਇੰਦਰਦੇਵ ਪ੍ਰਸਾਦ (63) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਗਿਰੋਹ ਦਾ ਸ਼ੱਕੀ ਆਗੂ ਸ਼ੰਭੂ ਉਪਾਧਿਆਏ ਫਰਾਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨਿਆਂਇਕ ਸੰਹਿਤਾ (ਬੀ. ਐਨ. ਐਸ) ਤਹਿਤ ਪੁਲਸ ਸਟੇਸ਼ਨ ਵਿਚ FIR ਦਰਜ ਕੀਤੀ ਗਈ ਹੈ।