ਜੰਮੂ ਕਸ਼ਮੀਰ : ਤੀਤਵਾਲ ਲਈ ਸ਼ੁਰੂ ਕੀਤੀ ਗਈ ਲਗਜ਼ਰੀ ਬੱਸ ਸੇਵਾ, ਜਾਣੋ ਕਿੰਨਾ ਹੋਵੇਗਾ ਕਿਰਾਇਆ
Thursday, May 11, 2023 - 11:52 AM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਸੜਕ ਟਰਾਂਸਪੋਰਟ ਨਿਗਮ ਨੇ ਪਹਿਲੀ ਵਾਰ ਸਰਹੱਦੀ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਦੇ ਕਰੀਬ ਤੀਤਵਾਲ ਦੇ ਸਰਹੱਦੀ ਖੇਤਰ ਲਈ ਲਗਜ਼ਰੀ ਸੈਲਾਨੀ ਬੱਸ ਸ਼ੁਰੂ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਤੀਤਵਾਲ 'ਚ ਮਾਂ ਸ਼ਾਰਦਾ ਦੇਵੀ ਮੰਦਰ ਦਾ ਉਦਘਾਟਨ ਕਰਨ ਦੇ ਇਕ ਮਹੀਨੇ ਬਾਅਦ ਇਹ ਬੱਸ ਸੇਵਾਸ਼ੁਰੂ ਕੀਤੀ ਗਈ ਹੈ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਸ਼ਾਰਦਾਪੀਠ ਮੰਦਰ ਦੀ ਸਦੀਆਂ ਪੁਰਾਣੀ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਲਈ ਕਿਸ਼ਨਗੰਗਾ ਨਦੀ ਦੇ ਤੱਟ 'ਤੇ ਤੀਤਵਾਲ ਸਥਿਤ ਮੰਦਰ ਨੂੰ ਸ਼ਾਰਦਾ ਕਮੇਟੀ ਵਲੋਂ ਬਣਾਇਆ ਗਿਆ ਸੀ। ਤੀਤਵਾਲ ਲਈ ਲਗਜ਼ਰੀ ਬੱਸ ਨੂੰ ਮੰਗਲਵਾਰ ਕੁਪਵਾੜਾ ਤੋਂ ਡਿਪਟੀ ਕਮਿਸ਼ਨਰ ਡੋਈਫੋਡ ਸਾਗਰ ਦੱਤਾਤ੍ਰੇਯ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬੱਸ ਦਾ ਕੁਪਵਾੜਾ ਤੋਂ ਚਿੱਤਰਕੋਟ ਲਈ 140 ਰੁਪਏ ਕਿਰਾਇਆ ਹੋਵੇਗਾ। ਦੱਸਣਯੋਗ ਹੈ ਕਿ ਤੀਤਵਾਲ ਪਿੰਡ ਇਕ ਫੁੱਟਬ੍ਰਿਜ ਰਾਹੀਂ ਪੀ.ਓ.ਕੇ. ਨਾਲ ਜੁੜਦਾ ਹੈ, ਜਿਸ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਕਾਰਨ 2018 'ਚ ਬੰਦ ਕਰ ਦਿੱਤਾ ਗਿਆ ਸੀ।