ਬਾਹਰੋਂ ਖਸਤਾ ਹਾਲਤ 'ਚ ਦਿਸਣ ਵਾਲਾ ਵਿਲੱਖਣ ਕਲਾਕ੍ਰਿਤੀਆਂ ਨਾਲ ਲੈਸ ਪ੍ਰੋਫ਼ੈਸਰ ਸਰਪਾਲ ਦਾ 'ਅਨੋਖਾ ਸੰਸਾਰ'
Thursday, Mar 16, 2023 - 10:20 AM (IST)
ਅੰਬਾਲਾ (ਬਲਰਾਮ ਸੈਣੀ)- ਬਾਹਰੋਂ ਖਸਤਾ ਹਾਲਤ ਵਿਚ ਇਕ ਸਾਧਾਰਨ ਦਿਸਣ ਵਾਲੇ ਘਰ ਦੇ ਅੰਦਰ ਜਾਓ ਤਾਂ ਲੱਕੜ ਦੀਆਂ ਬਣੀਆਂ ਇਕ ਤੋਂ ਵਧ ਕੇ ਇਕ ਬਹੁਤ ਹੀ ਸੁੰਦਰ ਅਤੇ ਵਿਲੱਖਣ ਤਰ੍ਹਾਂ ਵਸਤੂਆਂ ਦੇਖਣ ਨੂੰ ਮਿਲਣਗੀਆਂ। ਅੰਬਾਲਾ ਛਾਉਣੀ ਦੇ ਮਹੇਸ਼ ਨਗਰ ਇਲਾਕੇ ਵਿਚ ਵਸਿਆ ਇਹ ਅਨੋਖਾ ਘਰ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਤੋਂ ਸੇਵਾਮੁਕਤ ਪ੍ਰੋ. ਸੁਭਾਸ਼ ਸਰਪਾਲ ਦਾ ਹੈ, ਜਿਸ 'ਚ ਪ੍ਰੋ. ਸਰਪਾਲ ਅਤੇ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਤੋਂ ਇਲਾਵਾ ਹੋਰ ਕੋਈ ਨਹੀਂ ਰਹਿੰਦਾ।
ਇਹ ਵੀ ਪੜ੍ਹੋ- ਇਸ ਵਾਰ ਗਰਮੀ ਕੱਢੇਗੀ ਵੱਟ, ਮਾਰਚ 'ਚ ਹੀ ਤਪਣ ਲੱਗੇ ਕਈ ਸੂਬੇ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਸਾਹਿਤ ਕਾਰਨ ਕਲਾ ਪ੍ਰਤੀ ਸ਼ਰਧਾ ਪੈਦਾ ਹੋਈ-
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਪ੍ਰੋ. ਸਰਪਾਲ ਨੇ ਕਿਹਾ ਕਿ ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਐੱਮ. ਏ. ਅੰਗਰੇਜ਼ੀ ਅਤੇ ਪੱਤਰਕਾਰੀ ਕਰਨ ਤੋਂ ਬਾਅਦ 34 ਸਾਲ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ, ਅੰਬਾਲਾ ਛਾਉਣੀ ਵਿਚ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਪੜ੍ਹਾਇਆ। ਇਸ ਦੌਰਾਨ ਉਨ੍ਹਾਂ ਨਾ ਸਿਰਫ਼ ਅੰਗਰੇਜ਼ੀ ਸਾਹਿਤ ਪੜ੍ਹਿਆ ਜਾਂ ਪੜ੍ਹਾਇਆ ਸਗੋਂ ਇਸ ਨੂੰ ਜੀਵਿਆ ਵੀ। ਸਾਹਿਤ ਵਿਅਕਤੀ ਦੇ ਮਨ 'ਚ ਸੰਵੇਦਨਸ਼ੀਲਤਾ ਪੈਦਾ ਕਰਦਾ ਹੈ। ਇਸ ਸਾਹਿਤ ਕਾਰਨ ਉਨ੍ਹਾਂ ਦੇ ਸੰਵੇਦਨਸ਼ੀਲ ਮਨ 'ਚ ਵੀ ਕਲਾ ਪ੍ਰਤੀ ਸ਼ਰਧਾ ਪੈਦਾ ਹੋਈ।
ਟੀ.ਵੀ. ਤੋਂ ਪ੍ਰੇਰਨਾ ਲੈ ਕੇ ਕਲਾਕ੍ਰਿਤੀਆਂ ਬਣਾਈਆਂ-
ਪ੍ਰੋ. ਸਰਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕਰਜ਼ਾ ਲੈ ਕੇ ਘਰ ਬਣਾਇਆ ਸੀ ਪਰ ਕਰਜ਼ੇ ਦੀਆਂ ਕਿਸ਼ਤਾਂ ਅਜੇ ਵੀ ਜਾਰੀ ਹੋਣ ਕਾਰਨ ਲੱਕੜ ਦਾ ਕੰਮ ਅਜੇ ਤੱਕ ਨਹੀਂ ਹੋ ਸਕਿਆ। ਫਿਰ ਆਪਣੀ ਮਾਂ ਦੀ ਹੱਲਾਸ਼ੇਰੀ ’ਤੇ ਉਨ੍ਹਾਂ ਫਰਨੀਚਰ ’ਤੇ ਡਿਜ਼ਾਈਨ ਕਰਨਾ ਸ਼ੁਰੂ ਕੀਤਾ। ਰੁਝਾਨ ਵਧਦਾ ਗਿਆ। ਫਿਰ ਅਖਬਾਰਾਂ-ਰਸਾਲਿਆਂ ਤੇ ਟੀ.ਵੀ. ਤੋਂ ਪ੍ਰੇਰਨਾ ਲੈ ਕੇ ਕਲਾਕ੍ਰਿਤੀਆਂ ਬਣਾਈਆਂ। ਇਸ ਕੰਮ ਵਿਚ ਉਨ੍ਹਾਂ ਨੂੰ ਕਈ ਕਲਾਕਾਰਾਂ ਦਾ ਸਹਿਯੋਗ ਮਿਲਿਆ।
ਇਹ ਵੀ ਪੜ੍ਹੋ- ਡਾਕਟਰ ਬਣਨ ਦਾ ਅਧੂਰਾ ਸੁਫ਼ਨਾ ਲੈ ਕੇ ਦੁਨੀਆ ਤੋਂ ਰੁਖ਼ਸਤ ਹੋਈ ਅਨੀਤਾ, ਜਸ਼ਨ ਦੀ ਜਗ੍ਹਾ ਪਿੰਡ 'ਚ ਪਸਰਿਆ ਸੋਗ
ਕਲਾਕ੍ਰਿਤੀਆਂ ਨਾਲ ਲੈਸ ਹੈ ਘਰ
ਅੱਜ ਸਥਿਤੀ ਇਹ ਹੈ ਕਿ ਘਰ ਦੇ ਢਾਈ ਦਰਜਨ ਦੇ ਕਰੀਬ ਕਮਰੇ 3 ਤਰ੍ਹਾਂ ਦੀਆਂ ਕਲਾਕ੍ਰਿਤੀਆਂ, ਪੁਰਾਤਨ, ਅਧਿਆਤਮਿਕ, ਸਜਾਵਟੀ ਵਸਤੂਆਂ ਨਾਲ ਲੈਸ ਹਨ, ਜੋ ਆਪਣੇ ਆਪ ਵਿਚ ਵਿਲੱਖਣ ਹਨ। ਸਰਕਾਰ ਨੂੰ ਇਸ ਨੂੰ ਵਿਰਾਸਤੀ ਘਰ ਕਰਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਘਰ ਵਿਚ ਉਹ ਇਕੱਲੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਕਲਾ ਪ੍ਰਤੀ ਜਨੂੰਨ ਘਟਣ ਦੀ ਬਜਾਏ ਵਧਦਾ ਹੀ ਰਿਹਾ।
ਸਰਕਾਰ ਪ੍ਰੋ. ਸਰਪਾਲ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕਰੇ : ਜੁਨੇਜਾ
ਰਾਸ਼ਟਰੀ ਪੰਜਾਬੀ ਮਹਾਂਸਭਾ ਦੇ ਕੌਮੀ ਜਨਰਲ ਸਕੱਤਰ ਸੁਰਿੰਦਰ ਜੁਨੇਜਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪ੍ਰੋ. ਸੁਭਾਸ਼ ਸਰਪਾਲ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ । ਉਨ੍ਹਾਂ ਦੀਆਂ ਕਲਾਕ੍ਰਿਤੀਆਂ ਨੂੰ ਸੰਭਾਲਣ ਲਈ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਇਹ ਵੀ ਪੜ੍ਹੋ- 'Oxford' 'ਚ ਪੜ੍ਹੀ ਕੁੜੀ ਨੇ ਸੰਭਾਲੀ ਸਿੱਖਿਆ ਮੰਤਰੀ ਦੀ ਕਮਾਨ, ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ