ਸੋਮਵਾਰ ਤੋਂ ਸ਼ੁਰੂ ਹੋਵੇਗੀ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਕਾਰਵਾਈ, ਪਾਸ ਕਰਵਾਏ ਜਾਣਗੇ ਪੈਂਡਿੰਗ ਬਿੱਲ
Sunday, Mar 12, 2023 - 04:13 PM (IST)
ਨਵੀਂ ਦਿੱਲੀ (ਵਾਰਤਾ)- ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਕਾਰਵਾਈ ਸੋਮਵਾਰ ਤੋਂ ਸ਼ੁਰੂ ਹੋਵੇਗੀ, ਜਿਸ 'ਚ ਪੈਂਡਿੰਗ ਪਏ ਬਿੱਲ ਪਾਸ ਕਰਵਾਏ ਜਾਣਗੇ। ਸੈਸ਼ਨ ਦਾ ਦੂਜਾ ਪੜਾਅ 6 ਅਪ੍ਰੈਲ ਤੱਕ ਚੱਲੇਗਾ ਅਤੇ ਇਸ ਦੌਰਾਨ ਕੁੱਲ 17 ਬੈਠਕਾਂ ਹੋਣਗੀਆਂ। ਸੂਤਰਾਂ ਅਨੁਸਾਰ ਇਸ ਦੌਰਾਨ 35 ਬਿੱਲ ਪਾਸ ਕਰਵਾਏ ਜਾਣੇ ਹਨ, ਜਿਨ੍ਹਾਂ 'ਚ 26 ਰਾਜ ਸਭਾ ਅਤੇ 9 ਲੋਕ ਸਭਾ 'ਚ ਪੈਂਡਿੰਗ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕਰਨ ਦੇ ਨਾਲ ਹੀ 31 ਜਨਵਰੀ ਨੂੰ ਬਜਟ ਸੈਸ਼ਨ ਸ਼ੁਰੂ ਹੋਇਆ ਸੀ। ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਤੱਕ ਚੱਲਿਆ ਅਤੇ ਇਸ ਦੌਰਾਨ ਕੁੱਲ 10 ਬੈਠਕਾਂ ਆਯੋਜਿਤ ਹੋਈਆਂ। ਸੈਸ਼ਨ ਦੇ ਪਹਿਲੇ ਪੜਾਅ 'ਚ ਰਾਸ਼ਟਰਪਤੀ ਦੇ ਸੰਬੋਧਨ 'ਤੇ ਧੰਨਵਾਦ ਮੰਗ ਪੱਤਰ ਅਤੇ ਕੇਂਦਰੀ ਬਜਟ 2023-24 'ਤੇ ਚਰਚਾ ਹੋਈ ਸੀ। ਬਜਟ ਸੈਸ਼ਨ ਦੇ ਪਹਿਲੇ ਪੜਾਅ ਦੇ ਇਕ ਮਹੀਨੇ ਦੀ ਛੁੱਟੀ ਦੌਰਾਨ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਵਧੀ ਹੈ। ਵਿਰੋਧੀ ਧਿਰ ਦੇ ਤੇਵਰਾਂ ਨੂੰ ਦੇਖਦੇ ਹੋਏ ਸਦਨ ਦੇ ਹੰਗਾਮੇਦਰ ਰਹਿਣ ਦੀ ਸੰਭਾਵਨਾ ਹੈ।
ਵਿਰੋਧੀ ਦਲ ਸਰਕਾਰ 'ਤੇ ਹਮਲੇ ਦੀ ਤਿਆਰੀ 'ਚ ਹਨ ਅਤੇ ਸਰਕਾਰ ਵੀ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਦੀ ਤਿਆਰੀ ਕਰ ਚੁੱਕੀ ਹੈ। ਰਾਜ ਸਭਾ ਦੀ ਕਾਰਵਾਈ ਸਹੀ ਢੰਗ ਨਾਲ ਚਲਾਉਣ 'ਚ ਸਾਰੇ ਦਲਾਂ ਤੋਂ ਸਹਿਯੋਗ ਦੀ ਅਪੀਲ ਲਈ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਸਾਰੇ ਦਲਾਂ ਦੀ ਬੈਠਕ ਵੀ ਬੁਲਾਈ ਹੈ। ਫਿਲਹਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਵਿਦੇਸ਼ਾਂ 'ਚ ਦੇਸ਼ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਨਾਲ ਕਾਂਗਰਸ ਅਤੇ ਭਾਜਪਾ 'ਚ ਤਲੱਖੀ ਵਧੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸ਼ਰਾਬ ਘਪਲੇ 'ਚ ਜੇਲ੍ਹ ਭੇਜਣ ਦੀ ਕਾਰਵਾਈ, ਰਾਸ਼ਟਰੀ ਜਨਤਾ ਦਲ ਦੇ ਨੇਤਾ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰਕ ਮੈਂਬਰਾਂ ਤੋਂ ਜ਼ਮੀਨ ਦੇ ਬਦਲੇ ਰੇਲਵੇ 'ਚ ਨੌਕਰੀ ਦੇਣ ਸੰਬੰਧੀ ਘਪਲੇ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਦੀ ਧੀ ਕੇ. ਕਵਿਤਾ ਤੋਂ ਦਿੱਲੀ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਪੁੱਛ-ਗਿੱਛ ਵਰਗੇ ਕਈ ਮੁੱਦਿਆਂ 'ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਵਧੀ ਹੈ, ਜਿਸ ਨੂੰ ਦੇਖਦੇ ਹੋਏ ਸੰਸਦ ਦੇ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਵੱਧ ਗਈ ਹੈ।