ਪ੍ਰਿਯੰਕਾ ਗਾਂਧੀ 23 ਅਕਤੂਬਰ ਨੂੰ ਭਰੇਗੀ ਨਾਮਜ਼ਦਗੀ ਪੱਤਰ
Monday, Oct 21, 2024 - 05:04 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਬੁੱਧਵਾਰ (23 ਅਕਤੂਬਰ) ਨੂੰ ਵਾਇਨਾਡ ਸੰਸਦੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰੇਗੀ ਅਤੇ ਇਸ ਮੌਕੇ ਪਾਰਟੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਕਈ ਆਗੂ ਮੌਜੂਦ ਰਹਿਣਗੇ। ਪਾਰਟੀ ਸੂਤਰਾਂ ਮੁਤਾਬਕ ਨਾਮਜ਼ਦਗੀ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ 23 ਅਕਤੂਬਰ ਨੂੰ ਸਵੇਰੇ 11 ਵਜੇ ਰੋਡ ਸ਼ੋਅ ਕਰਨਗੇ। ਨਾਮਜ਼ਦਗੀ ਦਾਖ਼ਲ ਕਰਨ ਮੌਕੇ ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਖੜਗੇ, ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਅਤੇ ਪਾਰਟੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ।
ਵਾਇਨਾਡ ਤੋਂ ਚੁਣੇ ਜਾਣ 'ਤੇ ਪ੍ਰਿਯੰਕਾ ਪਹਿਲੀ ਵਾਰ ਕਿਸੇ ਸਦਨ ਦੀ ਮੈਂਬਰ ਬਣੇਗੀ। ਉਹ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਗਰਮ ਰਾਜਨੀਤੀ 'ਚ ਉਤਰੀ ਸੀ। ਉਦੋਂ ਤੋਂ ਉਹ ਪਾਰਟੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ। ਲੋਕ ਸਭਾ ਚੋਣਾਂ ਦੇ ਕੁਝ ਦਿਨਾਂ ਬਾਅਦ, ਜੂਨ 'ਚ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਸੰਸਦੀ ਖੇਤਰ ਰੱਖਣਗੇ ਅਤੇ ਕੇਰਲ ਦੀ ਵਾਇਨਾਡ ਸੀਟ ਖ਼ਾਲੀ ਕਰ ਦੇਣਗੇ, ਜਿੱਥੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਚੋਣ ਪਾਰੀ ਦੀ ਸ਼ੁਰੂਆਤ ਕਰੇਗੀ। ਚੁਣੇ ਜਾਣ 'ਤੇ ਪ੍ਰਿਯੰਕਾ ਗਾਂਧੀ ਪਹਿਲੀ ਵਾਰ ਸੰਸਦ ਮੈਂਬਰ ਬਣੇਗੀ ਅਤੇ ਇਹ ਵੀ ਪਹਿਲੀ ਵਾਰ ਹੋਵੇਗਾ ਕਿ ਗਾਂਧੀ ਪਰਿਵਾਰ ਦੇ ਤਿੰਨ ਮੈਂਬਰ- ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਇਕੱਠੇ ਸੰਸਦ 'ਚ ਹੋਣਗੇ। ਵਾਇਨਾਡ ਸੰਸਦੀ ਸੀਟ ਅਤੇ 47 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ 13 ਨਵੰਬਰ ਨੂੰ ਝਾਰਖੰਡ ਵਿਧਾਨ ਸਭਾ ਦੇ ਪਹਿਲੇ ਪੜਾਅ ਦੀ ਵੋਟਿੰਗ ਨਾਲ ਹੋਵੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8