ਵਾਇਨਾਡ ਲੋਕ ਸਭਾ ਸੀਟ ''ਤੇ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀ ਭਰੇਗੀ ਪ੍ਰਿਅੰਕਾ ਗਾਂਧੀ

Wednesday, Oct 23, 2024 - 11:18 AM (IST)

ਵਾਇਨਾਡ ਲੋਕ ਸਭਾ ਸੀਟ ''ਤੇ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀ ਭਰੇਗੀ ਪ੍ਰਿਅੰਕਾ ਗਾਂਧੀ

ਵਾਇਨਾਡ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰੇਗੀ। ਪ੍ਰਿਅੰਕਾ ਮੰਗਲਵਾਰ ਰਾਤ ਆਪਣੀ ਮਾਂ ਅਤੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਇੱਥੇ ਪਹੁੰਚੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਵਾਇਨਾਡ ਪਹੁੰਚੇ। ਇਹ ਸਾਰੇ ਆਗੂ ਜ਼ਿਲ੍ਹਾ ਮੈਜਿਸਟ੍ਰੇਟ ਸਾਹਮਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਪ੍ਰਿਅੰਕਾ ਦੇ ਨਾਲ ਮੌਜੂਦ ਰਹਿਣਗੇ।

ਇਨ੍ਹਾਂ ਤੋਂ ਇਲਾਵਾ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸੀਨੀਅਰ ਨੇਤਾ ਵੀ ਪ੍ਰਿਅੰਕਾ ਨੂੰ ਸਮਰਥਨ ਦੇਣ ਲਈ ਮੌਜੂਦ ਰਹਿਣਗੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਪ੍ਰਿਅੰਕਾ ਕਲਪੇਟਾ 'ਚ ਆਪਣੇ ਭਰਾ ਰਾਹੁਲ ਗਾਂਧੀ ਨਾਲ ਰੋਡ ਸ਼ੋਅ ਕਰੇਗੀ। ਪ੍ਰਿਅੰਕਾ ਗਾਂਧੀ ਵਾਡਰਾ ਦੇ ਪ੍ਰੋਗਰਾਮ ਮੁਤਾਬਕ ਰੋਡ ਸ਼ੋਅ ਤੋਂ ਬਾਅਦ ਉਹ ਸਵੇਰੇ 11.45 ਵਜੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਦਾ ਮੁਕਾਬਲਾ ਖੱਬੇ ਪੱਖੀ ਜਮਹੂਰੀ ਮੋਰਚੇ (LDF) ਦੇ ਸੱਤਿਆਨ ਮੋਕੇਰੀ ਅਤੇ ਭਾਜਪਾ ਦੇ ਨਵਿਆ ਹਰੀਦਾਸ ਨਾਲ ਹੈ। ਰਾਹੁਲ ਗਾਂਧੀ ਨੇ ਵਾਇਨਾਡ ਅਤੇ ਰਾਏਬਰੇਲੀ ਸੀਟ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ ਅਤੇ ਬਾਅਦ 'ਚ ਉਨ੍ਹਾਂ ਨੇ ਵਾਇਨਾਡ ਸੀਟ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਇਸ ਸੀਟ 'ਤੇ ਜ਼ਿਮਨੀ ਚੋਣ ਹੋਣੀ ਹੈ।


author

Tanu

Content Editor

Related News