ਘਰ ਤੋਂ ਨਹੀਂ ਨਿਕਲ ਰਹੀ ਪ੍ਰਿਯੰਕਾ ਵਢੇਰਾ, ਗਾਂਧੀ ਪਰਿਵਾਰ ’ਚ ਵਧਦੀ ਜਾ ਰਹੀ ਬੇਚੈਨੀ
Saturday, Feb 17, 2024 - 01:04 PM (IST)
ਨਵੀਂ ਦਿੱਲੀ- ਪ੍ਰਿਯੰਕਾ ਗਾਂਧੀ ਵਢੇਰਾ ਦੇ ਜ਼ਿਆਦਾ ਸਰਗਰਮ ਨਾ ਰਹਿਣ ਦੇ ਫੈਸਲੇ ਕਾਰਨ ਕਾਂਗਰਸ ਦੇ ਪਹਿਲੇ ਪਰਿਵਾਰ ’ਚ ਬੇਚੈਨੀ ਵਧਣ ਦੀਆਂ ਖਬਰਾਂ ਹਨ। ਪ੍ਰਿਯੰਕਾ ਪਿਛਲੇ ਕਈ ਹਫਤਿਆਂ ਤੋਂ ਲੋਕਾਂ ਦੀ ਨਜ਼ਰ ਤੋਂ ਦੂਰ ਹੈ। ਇਸ ਤੋਂ ਪਹਿਲਾਂ ਉਸਨੇ ਅਮਰੀਕਾ ਜਾਣ ਦਾ ਫੈਸਲਾ ਕੀਤਾ ਅਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿਚ ਹਿੱਸਾ ਨਹੀਂ ਲਿਆ। ਹਾਲਾਂਕਿ ਉਹ 26 ਜਨਵਰੀ ਨੂੰ ਭਾਰਤ ਪਰਤ ਆਈ ਪਰ ਆਪਣੀ ਮਾਂ ਸੋਨੀਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਨਾਲ ਜੈਪੁਰ ਪਹੁੰਚਣ ਤੋਂ ਪਹਿਲਾਂ ਲਗਭਗ ਇਕ ਪੰਦਰਵਾੜੇ ਲਈ ਆਰਾਮ ਕਰਦੀ ਰਹੀ।
ਉਨ੍ਹਾਂ ਦੀ ਮਾਂ ਰਾਜ ਸਭਾ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੀ ਸੀ, ਓਦੋਂ ਉਹ ਉਨ੍ਹਾਂ ਦੇ ਨਾਲ ਸੀ ਪਰ ਉਨ੍ਹਾਂ ਦੀ ਬਾਡੀ ਲੈਂਗਵੇਜ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਸਹਿਜ ਨਹੀਂ ਹੈ ਅਤੇ ਗੁਆਚੀ-ਗੁਆਚੀ ਜਿਹੀ ਦਿਖ ਰਹੀ ਸੀ। ਕਾਂਗਰਸ ਨੇ ਕਿਹਾ ਕਿ ਉਹ ਜਲਦੀ ਹੀ ਆਪਣੇ ਭਰਾ ਨਾਲ ਯਾਤਰਾ ’ਚ ਸ਼ਾਮਲ ਹੋਵੇਗੀ ਪਰ ਉਹ ਬੀਮਾਰ ਹੋ ਗਈ ਅਤੇ ਯਾਤਰਾ ’ਚ ਸ਼ਾਮਲ ਹੋਣੋਂ ਅਸਮਰੱਥ ਹੋ ਗਈ।
ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ 2 ਗੱਲਾਂ ਨੂੰ ਲੈ ਕੇ ਗੰਭੀਰ ਚਿੰਤਤ ਹੈ। ਪਹਿਲਾਂ ਹੀ ਤੈਅ ਕੀਤਾ ਗਿਆ ਸੀ ਕਿ ਉਹ ਚੋਣ ਪ੍ਰਚਾਰ ਕਰੇਗੀ ਅਤੇ ਰਾਜ ਸਭਾ ਵਿਚ ਭੇਜੀ ਜਾਵੇਗੀ ਕਿਉਂਕਿ ਉਸ ਕੋਲ ਲੁਟੀਅਨ ਜ਼ੋਨ ਵਿਚ ਰਹਿਣ ਲਈ ਘਰ ਨਹੀਂ ਹੈ। ਇਸ ਦੀ ਬਜਾਏ, ਸੋਨੀਆ ਗਾਂਧੀ ਨੇ ਰਾਜ ਸਭਾ ਵਿਚ ਜਾਣ ਦਾ ਫੈਸਲਾ ਕੀਤਾ ਅਤੇ ਪ੍ਰਿਯੰਕਾ ਨੂੰ ਰਾਏਬਰੇਲੀ ਤੋਂ ਚੋਣ ਲੜਨ ਲਈ ਕਿਹਾ ਜਿੱਥੇ ਕਾਂਗਰਸ ਪਹਿਲਾਂ ਹੀ ਕਮਜ਼ੋਰ ਸਥਿਤੀ ਵਿਚ ਹੈ।
ਸਥਾਨਕ ਲੋਕ ਗਾਂਧੀ ਪਰਿਵਾਰ ਤੋਂ ਨਾਰਾਜ਼ ਹਨ ਕਿਉਂਕਿ ਸੋਨੀਆ ਗਾਂਧੀ ਨੇ ਸਾਲ ਵਿਚ ਇਕ ਵਾਰ ਵੀ ਹਲਕੇ ਦਾ ਦੌਰਾ ਨਹੀਂ ਕੀਤਾ ਸੀ। ਭਾਵੇਂ ਪ੍ਰਿਯੰਕਾ ਇਸ ਇਲਾਕੇ ਦਾ ਅਕਸਰ ਦੌਰਾ ਕਰਦੀ ਰਹੀ ਹੈ ਪਰ ਉਨ੍ਹਾਂ ਨੇ ਕਦੇ ਵੀ ਇਸ ਹਲਕੇ ਲਈ ਕੁਝ ਨਹੀਂ ਕੀਤਾ। ਹੁਣ ਲਖਨਊ ਵਿਚ ਯੋਗੀ ਆਦਿੱਤਿਆਨਾਥ ਅਤੇ ਦਿੱਲੀ ਵਿਚ ਨਰਿੰਦਰ ਮੋਦੀ ਦੇ ਹੋਣ ਕਾਰਨ ਉੱਤਰੀ ਭਾਰਤ ਵਿਚ ਗਾਂਧੀ ਪਰਿਵਾਰ ਲਈ ਕੋਈ ਸੁਰੱਖਿਅਤ ਸੀਟ ਨਹੀਂ ਹੈ। ਅਜਿਹੇ ’ਚ ਪ੍ਰਿਯੰਕਾ ਨੂੰ ਕੁਝ ਹੋਰ ਸਮਾਂ ਉਡੀਕ ਕਰਨੀ ਹੋਵੇਗੀ। ਪਾਰਟੀ ਵਿਚ ਉਨ੍ਹਾਂ ਦੇ ਸਮਰਥਕ ਚਿੰਤਤ ਹਨ।