ਬਹਿਰਾਈਚ ਹਿੰਸਾ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਪਰੇਸ਼ਾਨ; ਮੁੱਖ ਮੰਤਰੀ ਯੋਗੀ ਨੂੰ ਕਿਹਾ- ਹਿੰਸਾ ਨੂੰ ਰੋਕੋ
Monday, Oct 14, 2024 - 03:52 PM (IST)
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿਚ ਹਿੰਸਾ ਦਰਮਿਆਨ ਪ੍ਰਸ਼ਾਸਨ ਦਾ ਨਕਾਰਿਆ ਹੋਣਾ ਮੰਦਭਾਗਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ। ਬਹਿਰਾਈਚ ਵਿਚ ਮੰਸੂਰ ਪਿੰਡ ਦੇ ਮਹਾਰਾਜਗੰਜ ਇਲਾਕੇ ਵਿਚ ਦੁਰਗਾ ਮੂਰਤੀ ਦੀ ਸ਼ੋਭਾ ਯਾਤਰਾ ਦੌਰਾਨ ਭੜਕੀ ਹਿੰਸਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ।
ਲਾਊਡਸਪੀਕਰ ਤੋਂ ਸੰਗੀਤ ਵਜਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਪਥਰਾਅ ਅਤੇ ਗੋਲੀਬਾਰੀ ਵਿਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਅਤੇ 30 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਭੀੜ ਨੇ ਸੜਕ 'ਤੇ ਆ ਕੇ ਕੁਝ ਦੁਕਾਨਾਂ ਨੂੰ ਅੱਗ ਲਾ ਦਿੱਤੀ, ਜਿਸ ਨਾਲ ਤਣਾਅ ਹੋਰ ਵਧ ਗਿਆ। ਭੀੜ ਵਿਚ ਕੁਝ ਲੋਕਾਂ ਨੇ ਸੋਟੀਆਂ ਅਤੇ ਲੋਹੇ ਦੀਆਂ ਰਾਡਾਂ ਚੁੱਕੀਆਂ ਹੋਈਆਂ ਸਨ।
ਪ੍ਰਿਅੰਕਾ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਬਹਿਰਾਇਚ 'ਚ ਹਿੰਸਾ ਅਤੇ ਪ੍ਰਸ਼ਾਸਨ ਦੀ ਨਕਾਰੇ ਜਾਣ ਦੀ ਖ਼ਬਰ ਬੇਹੱਦ ਦੁਖਦ ਅਤੇ ਮੰਦਭਾਗੀ ਹੈ। ਮੈਂ ਸੂਬੇ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ, ਜਨਤਾ ਨੂੰ ਭਰੋਸੇ 'ਚ ਲੈਣ ਅਤੇ ਹਿੰਸਾ ਨੂੰ ਰੋਕਣ ਦੀ ਅਪੀਲ ਕਰਦੀ ਹਾਂ। ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਮੇਰੀ ਜਨਤਾ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਨਾ ਲਓ ਅਤੇ ਸ਼ਾਂਤੀ ਬਣਾਈ ਰੱਖੋ। ਮੁੱਖ ਮੰਤਰੀ ਆਦਿਤਿਆਨਾਥ ਨੇ ਹਿੰਸਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।