ਕੋਰੋਨਾ ਦੀ ਮਾਰ ਤੋਂ ਬਚਣ ਲਈ ਸਹੀ ਜਾਣਕਾਰੀ ਦੀ ਜਰੂਰਤ: ਪ੍ਰਿਯੰਕਾ ਗਾਂਧੀ
Sunday, Apr 26, 2020 - 03:00 PM (IST)
ਨਵੀਂ ਦਿੱਲੀ-ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ 'ਚ ਕੋਰੋਨਾਵਾਇਰਸ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੂਬੇ ਦੀ ਯੋਗੀ ਸਰਕਾਰ ਨੂੰ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰਾ ਧਿਆਨ ਸਹੀ ਜਾਣਕਾਰੀ ਅਤੇ ਉੱਚਿਤ ਇਲਾਜ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਕਾਂਗਰਸ ਪਾਰਟੀ ਜਨਰਲ ਸਕੱਤਰ ਦਾ ਇਹ ਬਿਆਨ ਆਗਰਾ ਦੇ ਮਹਾਪੌਰ ਨਵੀਨ ਜੈਨ ਦੁਆਰਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਲਿਖੇ ਗਏ ਪੱਤਰ ਦੇ ਹਵਾਲੇ 'ਚ ਹਨ। ਜੈਨ ਨੇ ਅਦਿੱਤਿਆਨਾਥ ਤੋਂ ਆਗਰਾ ਨੂੰ ਬਚਾਉਣ ਦੀ ਗੁਹਾਰ ਲਾਈ ਹੈ।
ਇਸ ਸਬੰਧੀ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਹੈ ਆਗਰਾ ਸ਼ਹਿਰ 'ਚ ਹਾਲਾਤ ਖਰਾਬ ਹਨ ਅਤੇ ਹਰ ਰੋਜ਼ ਨਵੇਂ ਮਰੀਜ਼ ਨਿਕਲ ਰਹੇ ਹਨ। ਆਗਰਾ ਦੇ ਮੇਅਰ ਦਾ ਕਹਿਣਾ ਹੈ ਕਿ ਜੇਕਰ ਸਹੀ ਪ੍ਰਬੰਧ ਨਾ ਹੋਇਆ ਤਾਂ ਮਾਮਲਾ ਹੱਥੋ ਨਿਕਲ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਕੱਲ ਮੈਂ ਵੀ ਇਹੀ ਮੁੱਦਾ ਚੁੱਕਿਆ ਸੀ। ਪਾਰਦਿਸ਼ਤਾ ਬੇਹੱਦ ਜਰੂਰੀ ਹੈ। ਜਾਂਚ 'ਤੇ ਧਿਆਨ ਦੇਣਾ ਜਰੂਰੀ ਹੈ। ਜੇਕਰ ਕੋਰੋਨਾਵਾਇਰਸ ਨੂੰ ਰੋਕਣਾ ਹੈ ਤਾਂ ਪੂਰਾ ਧਿਆਨ ਸਹੀ ਜਾਣਕਾਰੀ ਅਤੇ ਉੱਚਿਤ ਇਲਾਜ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਆਗਰਾ ਦੇ ਮੇਅਰ ਨਵੀਨ ਜੈਨ ਨੇ 21 ਅਪ੍ਰੈਲ ਨੂੰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਉਪ ਮੁੱਖ ਮੰਤਰੀ ਅਤੇ ਆਗਰਾ ਜ਼ਿਲਾ ਮੁਖੀ ਸ਼੍ਰੀ ਦਿਨੇਸ਼ ਸ਼ਰਮਾ ਜੀ ਨੂੰ ਚਿੱਠੀ ਲਿਖੀ ਸੀ। ਸਿਹਤ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼ 'ਚ ਕੋਰੋਨਾ ਨਾਲ 27 ਮੌਤਾਂ ਹੋ ਚੁੱਕੀਆਂ ਹਨ। ਸ਼ਨੀਵਾਰ ਨੂੰ 177 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਇਨਫੈਕਟਡ ਵੱਧ ਕੇ 1793 ਤੱਕ ਪਹੁੰਚ ਗਏ ਹਨ।