ਜਹਾਜ਼ ਦਾ ਅਗਲਾ ਪਹੀਆ ਟੁੱਟਿਆ, ਪਾਇਲਟ ਦੀ ਸੂਝ-ਬੂਝ ਨਾਲ ਹੋਈ ਐਮਰਜੈਂਸੀ ਲੈਂਡਿੰਗ

Wednesday, Jul 12, 2023 - 02:39 PM (IST)

ਜਹਾਜ਼ ਦਾ ਅਗਲਾ ਪਹੀਆ ਟੁੱਟਿਆ, ਪਾਇਲਟ ਦੀ ਸੂਝ-ਬੂਝ ਨਾਲ ਹੋਈ ਐਮਰਜੈਂਸੀ ਲੈਂਡਿੰਗ

ਬੈਂਗਲੁਰੂ (ਭਾਸ਼ਾ)- ਬੈਂਗਲੁਰੂ 'ਚ ਇਕ ਨਿੱਜੀ ਜਹਾਜ਼ ਦੇ 'ਨੋਜ ਲੈਂਡਿੰਗ ਗੀਅਰ' 'ਚ ਖ਼ਰਾਬੀ ਆਉਣ ਤੋਂ ਬਾਅਦ ਪਾਇਲਟ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਦੇ ਹਵਾਈ ਅੱਡੇ 'ਤੇ ਬੇਹੱਦ ਕੁਸ਼ਲਤਾ ਨਾਲ ਜਹਾਜ਼ ਨੂੰ ਐਮਰਜੈਂਸੀ ਸਥਿਤੀ 'ਚ ਉਤਾਰਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਇਕ ਨਿੱਜੀ ਜਹਾਜ਼ ਨੇ ਐੱਚ.ਏ.ਐੱਲ. ਤੋਂ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰੀ ਪਰ ਜਹਾਜ਼ ਦੇ 'ਨੋਜ-ਲੈਂਡਿੰਗ ਗੀਅਰ' 'ਚ ਖ਼ਰਾਬੀ ਆ ਗਈ। ਜਹਾਜ਼ 'ਚ ਪਾਇਲਟ ਅਤੇ ਸਹਿ-ਪਾਇਲਟ ਤੋਂ ਇਲਾਵਾ ਕੋਈ ਯਾਤਰੀ ਨਹੀਂ ਸੀ। ਤਕਨੀਕੀ ਖ਼ਰਾਬੀ ਦਾ ਪਤਾ ਲੱਗਣ ਤੋਂ ਬਾਅਦ ਪਾਇਲਟ ਨੇ ਐੱਚ.ਏ.ਐੱਲ. ਹਵਾਈ ਅੱਡੇ 'ਤੇ ਆਉਣ ਦਾ ਫ਼ੈਸਲਾ ਕੀਤਾ।

ਪਾਇਲਟ ਵਲੋਂ ਸਾਵਧਾਨ ਕੀਤੇ ਜਾਣ ਤੋਂ ਬਾਅਦ ਅਧਿਕਾਰੀਆਂ ਨੇ ਨੁਕਸਾਨ ਘੱਟ ਕਰਨ ਲਈ ਰਣਵੇਅ 'ਤੇ ਫਾਇਰ ਸਪ੍ਰੇਸ਼ਨ ਫੋਮ ਦੀ ਇਕ ਪਰਤ ਵਿਛਾ ਦਿੱਤੀ ਸੀ। ਜਹਾਜ਼ ਉਤਾਰਦੇ ਸਮੇਂ ਉਸ ਦਾ ਅਗਲਾ ਹਿੱਸਾ ਹਵਾਈ ਪੱਟੀ ਦੇ ਸੰਪਰਕ 'ਚ ਆਉਣ ਨਾਲ ਅੱਗ ਲੱਗਣ ਦਾ ਖ਼ਦਸ਼ਾ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਵੀ ਸਾਵਧਾਨ ਕਰ ਦਿੱਤਾ ਸੀ। ਤਸਵੀਰ 'ਚ ਦਿੱਸ ਰਿਹਾ ਹੈ ਕਿ ਪਾਇਲਟ ਦੇ ਜਹਾਜ਼ ਦੇ ਅਗਲੇ ਹਿੱਸੇ ਨੂੰ ਹਵਾ 'ਚ ਰੱਖਣ ਅਤੇ 2 ਪਹੀਆਂ 'ਤੇ ਜਹਾਜ਼ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜਹਾਜ਼ ਦੇ ਜ਼ਮੀਨ ਛੂਹਣ ਦੇ ਨਾਲ ਹੀ ਉਸ ਦਾ ਅਗਲਾ ਹਿੱਸਾ ਹਵਾਈ ਪੱਟੀ ਨਾਲ ਟਕਰਾ ਕੇ ਨੁਕਸਾਨਿਆ ਗਿਆ। ਪਾਇਲਟ ਅਤੇ ਸਹਿ-ਪਾਇਲਟ ਸੁਰੱਖਿਅਤ ਬਾਹਰ ਆ ਗਏ।


author

DIsha

Content Editor

Related News