PM ਮੋਦੀ ਨੇ ਵਿਦਿਆਰਥੀਆਂ ਨਾਲ ਕੀਤੀ ''ਪ੍ਰੀਖਿਆ ''ਤੇ ਚਰਚਾ'', ਕਿਹਾ- ਇਹ ਪ੍ਰੋਗਰਾਮ ਮੇਰੇ ਲਈ ਇਕ ਪ੍ਰੀਖਿਆ ਦੀ ਤਰ੍ਹਾਂ
Monday, Jan 29, 2024 - 01:23 PM (IST)
ਨਵੀਂ ਦਿੱਲੀ (ਭਾਸ਼ਾ)- 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਾਨਸਿਕ ਤਣਾਅ ਨੂੰ ਘੱਟ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਤਾ-ਪਿਤਾ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਨੂੰ ਆਪਣਾ ਵਿਜ਼ਿਟਿੰਗ ਕਾਰਡ ਨਾ ਸਮਝਣ। ਨਾਲ ਹੀ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਖ਼ੁਦ ਨਾਲ ਮੁਕਾਬਲਾ ਕਰਨਾ ਚਾਹੀਦਾ, ਦੂਜਿਆਂ ਨਾਲ ਨਹੀਂ। ਰਾਸ਼ਟਰੀ ਰਾਜਧਾਨੀ ਸਥਿਤ ਪ੍ਰਗਤੀ ਮੈਦਾਨ ਦੇ ਨਵੇਂ ਬਣੇ ਭਾਰਤ ਮੰਡਪਮ ਦੇ ਟਾਊਨ ਹਾਲ 'ਚ ਪ੍ਰਧਾਨ ਮੰਤਰੀ ਨੇ 'ਪ੍ਰੀਖਿਆ 'ਤੇ ਚਰਚਾ' ਦੇ 7ਵੇਂ ਐਪੀਸੋਡ 'ਚ ਕਿਹਾ ਕਿ ਮੁਕਾਬਲਾ ਅਤੇ ਚੁਣੌਤੀਆਂ ਜੀਵਨ 'ਚ ਪ੍ਰੇਰਨਾ ਦਾ ਕੰਮ ਕਰਦੀਆਂ ਹਨ ਪਰ ਮੁਕਾਬਲਾ ਸਿਹਤਮੰਦ ਹੋਣਾ ਚਾਹੀਦਾ। ਉਨ੍ਹਾਂ ਨੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ,''ਤੁਹਾਨੂੰ ਇਕ ਬੱਚੇ ਦੀ ਤੁਲਨਾ ਦੂਜੇ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਉਨ੍ਹਾਂ ਦੇ ਭਵਿੱਖ ਲਈ ਹਾਨੀਕਾਰਕ ਹੋ ਸਕਦਾ ਹੈ। ਕੁਝ ਮਾਤਾ-ਪਿਤਾ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਨੂੰ ਆਪਣਾ ਵਿਜ਼ਿਟਿੰਗ ਕਾਰਡ ਸਮਝਦੇ ਹਨ, ਇਹ ਚੰਗਾ ਨਹੀਂ ਹੈ।''
Join Pariksha Pe Charcha! Great to connect with students from across the country. https://t.co/z1UDFjYMWv
— Narendra Modi (@narendramodi) January 29, 2024
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ 'ਤੇ ਤਣਾਅ ਤਿੰਨ ਤਰ੍ਹਾਂ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਸਾਥੀਆਂ ਦੇ ਦਬਾਅ ਤੋਂ ਪ੍ਰੇਰਿਤ ਹੁੰਦਾ ਹੈ ਤਾਂ ਕਦੇ ਮਾਤਾ-ਪਿਤਾ ਵਲੋਂ ਅਤੇ ਕਦੇ ਖ਼ੁਦ ਤੋਂ ਵੀ ਪ੍ਰੇਰਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ, ਅਧਿਆਪਕਾਂ ਜਾਂ ਰਿਸ਼ਤੇਦਾਰਾਂ ਦੀ 'ਰਨਿੰਗ ਕਮੈਂਟਰੀ' ਅਤੇ ਹਰ ਵਾਰ ਨਕਾਰਾਤਮਕ ਤੁਲਨਾ ਇਕ ਵਿਦਿਆਰਥੀ ਦੀ ਮਾਨਸਿਕ ਭਲਾਈ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ,''ਇਹ ਭਲਾਈ ਦੀ ਬਜਾਏ ਨੁਕਸਾਨ ਜ਼ਿਆਦਾ ਕਰਦਾ ਹੈ। ਸਾਨੂੰ ਇਹ ਯਕੀਨੀ ਕਰਨਾ ਚਾਹੀਦਾ ਕਿ ਵਿਰੋਧੀ ਤੁਲਨਾਵਾਂ ਅਤੇ ਗੱਲਬਾਤ ਰਾਹੀਂ ਵਿਦਿਆਰਥੀਆਂ ਦੇ ਮਨੋਬਲ ਅਤੇ ਆਤਮਵਿਸ਼ਵਾਸ ਨੂੰ ਘੱਟ ਕਰਨ ਦੀ ਬਜਾਏ ਉਨ੍ਹਾਂ ਨਾਲ ਉੱਚਿਤ ਗੱਲਬਾਤ ਦੇ ਮਾਧਿਅਮ ਨਾਲ ਇਸ ਮੁੱਦੇ ਦਾ ਹੱਲ ਕੀਤਾ ਜਾਵੇ।'' ਉਨ੍ਹਾਂ ਨੇ ਕਿਹਾ ਕਿ ਦਬਾਅ ਇੰਨਾ ਨਹੀਂ ਹੋਣਾ ਚਾਹੀਦਾ ਕਿ ਇਹ ਕਿਸੇ ਦੀ ਯੋਗਤਾ ਨੂੰ ਪ੍ਰਭਾਵਿਤ ਕਰੇ। ਉਨ੍ਹਾਂ ਕਿਹਾ,''ਕਈ ਵਾਰ ਬੱਚੇ ਖ਼ੁਦ 'ਤੇ ਦਬਾਅ ਬਣਾਉਂਦੇ ਹਨ ਕਿ ਉਹ ਉਮੀਦ ਦੇ ਅਨੁਰੂਪ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਮੇਰਾ ਸੁਝਾਅ ਹੈ ਕਿ ਤੁਹਾਨੂੰ ਤਿਆਰੀ ਦੌਰਾਨ ਛੋਟੇ ਟੀਚੇ ਤੈਅ ਕਰਨੇ ਚਾਹੀਦੇ ਹਨ ਅਤੇ ਹੌਲੀ-ਹੌਲੀ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੀਦਾ। ਇਸ ਤਰ੍ਹਾਂ ਤੁਸੀਂ ਪ੍ਰੀਖਿਆ ਤੋਂ ਪਹਿਲੇ ਪੂਰੀ ਤਰ੍ਹਾਂ ਤਿਆਰ ਹੋ ਜਾਵੋਗੇ।''
ਪ੍ਰਧਾਨ ਮੰਤਰੀ ਨੇ ਅਧਿਆਪਕਾਂ ਅਤੇ ਵਿਦਿਆਰਥੀ ਵਿਚਾਲੇ ਸੰਬੰਧਾਂ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਸੰਬੰਧ ਅਜਿਹੇ ਹੋਣੇ ਚਾਹੀਦੇ ਹਨ ਕਿ ਵਿਦਿਆਰਥੀਆਂ ਨੂੰ ਅਧਿਆਪਕ ਨਾਲ 'ਵਿਸ਼ੇ ਨਾਲ ਸੰਬੰਧਤ ਬੰਧਨ' ਤੋਂ ਪਰੇ ਕੁਝ ਮਹਿਸੂਸ ਹੋਵੇ। ਉਨ੍ਹਾਂ ਕਿਹਾ,''ਇਹ ਬੰਧਨ ਡੂੰਘਾ ਹੋਣਾ ਚਾਹੀਦਾ! ਇਹ ਰਿਸ਼ਤਾ ਅਜਿਹਾ ਹੋਣਾ ਚਾਹੀਦਾ ਕਿ ਵਿਦਿਆਰਥੀ ਆਪਣੇ ਤਣਾਅ, ਸਮੱਸਿਆਵਾਂ ਅਤੇ ਅਸੁਰੱਖਿਆ ਬਾਰੇ ਆਪਣੇ ਅਧਿਆਪਕਾਂ ਨਾਲ ਖੁੱਲ੍ਹ ਕੇ ਚਰਚਾ ਕਰ ਸਕਣ।'' ਉਨ੍ਹਾਂ ਕਿਹਾ ਕਿ ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਨਾਲ ਸੁਣਨਗੇ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਪੂਰੀ ਈਮਾਨਦਾਰੀ ਨਾਲ ਸੰਬੋਧਨ ਕਰਨਗੇ, ਉਦੋਂ ਵਿਦਿਆਰਥੀ ਬਿਹਤਰ ਕਰਨਗੇ। ਸਿੱਖਿਆ ਮੰਤਰਾਲਾ ਵਲੋਂ ਆਯੋਜਿਤ 'ਪ੍ਰੀਖਿਆ 'ਤੇ ਚਰਚਾ' 'ਚ ਪਿਛਲੇ 6 ਸਾਲਾਂ ਤੋਂ ਵਿਦਿਆਰਥੀ, ਮਾਤਾ-ਪਿਤਾ ਅਤੇ ਅਧਿਆਪਕ ਸ਼ਾਮਲ ਹੁੰਦੇ ਰਹੇ ਹਨ। ਕੋਰੋਨਾ ਮਹਾਮਾਰੀ ਕਾਰਨ ਚੌਥਾ ਐਡੀਸ਼ਨ ਆਨਲਾਈਨ ਆਯੋਜਿਤ ਕੀਤਾ ਗਿਆ ਸੀ, ਜਦੋਂ ਕਿ 5ਵਾਂ ਅਤੇ 6ਵਾਂ ਐਡੀਸ਼ਨ ਟਾਊਨ-ਹਾਲ ਫਾਰਮੈਟ 'ਚ ਸੰਪੰਨ ਹੋਇਆ ਸੀ। ਪਿਛਲੇ ਸਾਲ ਦੇ ਐਡੀਸ਼ਨ 'ਚ ਕੁੱਲ 31.24 ਲੱਖ ਵਿਦਿਆਰਥੀਆਂ, 5.60 ਲੱਖ ਅਧਿਆਪਕਾਂ ਅਤੇ 1.95 ਲੱਖ ਮਾਤਾ-ਪਿਤਾ ਨੇ ਹਿੱਸਾ ਲਿਆ ਸੀ। ਇਸ ਸਾਲ,''ਮਾਈ ਗੋਵ ਪੋਰਟਲ' 'ਤੇ ਕਰੀਬ 2.26 ਕਰੋੜ ਰਜਿਸਟਰੇਸ਼ਨ ਹੋਏ ਹਨ, ਜੋ ਵਿਦਿਆਰਥੀਆਂ ਵਿਚਾਲੇ ਇਸ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸ਼ਾਹ ਦਰਸਾਉਂਦਾ ਹੈ। ਇਸ ਸਾਲ ਦਾ ਆਯੋਜਨ ਭਾਰਤ ਮੰਡਪਮ 'ਚ ਟਾਊਨ-ਹਾਲ ਫਾਰਮੈਟ 'ਚ ਆਯੋਜਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਭਾਰਤ ਮੰਡਪਮ 'ਚ ਵਿਸ਼ਵ ਦੇ ਵੱਡੇ-ਵੱਡੇ ਨੇਤਾਵਾਂ ਨੇ ਭਵਿੱਖ ਦੀ ਚਰਚਾ ਕੀਤੀ ਸੀ, ਉਸੇ ਸਥਾਨ 'ਤੇ ਅੱਜ ਭਾਰਤ ਦੇ ਭਵਿੱਖ ਦੀ ਚਰਚਾ ਪ੍ਰੀਖਿਆ ਦੀ ਚਿੰਤਾਵਾਂ ਨਾਲ ਕਰਨ ਵਾਲੇ ਹਨ। ਕਲਾ ਉਤਸਵ ਦੇ ਜੇਤੂਆਂ ਨਾਲ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ 2 ਵਿਦਿਆਰਥੀਆਂ ਅਤੇ ਇਕ ਅਧਿਆਪਕ ਨੂੰ ਸੱਦਾ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8