ਦੇਸ਼ ’ਚ ਕੋਰੋਨਾ ਦੇ ਕਹਿਰ ਦਰਮਿਆਨ PM ਮੋਦੀ ਨੇ ਅੱਜ ਸ਼ਾਮ ਬੁਲਾਈ ਬੈਠਕ
Sunday, Jan 09, 2022 - 11:04 AM (IST)
ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ’ਚ ਕੋਰੋਨਾ ਸੰਕਰਮਣ ਨਾਲ ਪੈਦਾ ਸਥਿਤੀ ਅਤੇ ਇਸ ਨਾਲ ਨਜਿੱਠਣ ਦੀਆਂ ਤਿਆਰੀਆਂ ਤੇ ਭਵਿੱਖ ਦੀ ਰਣਨੀਤੀ ’ਤੇ ਐਤਵਾਰ ਸ਼ਾਮ ਇਕ ਉੱਚ ਪੱਧਰੀ ਸਮੀਖਿਆ ਬੈਠਕ ਕਰਨਗੇ। ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਬੈਠਕ ’ਚ ਗ੍ਰਹਿ ਮੰਤਰਾਲਾ, ਸਿਹਤ ਮੰਤਰਾਲਾ ਅਤੇ ਹੋਰ ਸੰਬੰਧਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਹੋਣ ਵਾਲੀ ਇਸ ਉੱਚ ਪੱਧਰੀ ਬੈਠਕ ’ਚ ਕੋਰੋਨਾ ਟੀਕਾਕਰਨ, ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨਾਲ ਨਜਿੱਠਣ ਦੀ ਤਿਆਰੀ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਏ ਜਾਣ ਦੀ ਸੰਭਾਵਨਾ ਹੈ। ਬੈਠਕ ’ਚ 15 ਤੋਂ 18 ਸਾਲ ਦੇ ਬੱਚਿਆਂ ਦੇ ਕੋਰੋਨਾ ਟੀਕਾਕਰਨ ਅਤੇ ਸਿਹਤ ਕਰਮੀਆਂ, ਕੋਰੋਨਾ ਯੋਧਿਆ ਅਤੇ ਸੀਨੀਅਰ ਨਾਗਰਿਕਾਂ ਨੂੰ ਐਡੀਸ਼ਨਲ ਟੀਕਾ ਦੇਣ ਦੀ ਰਣਨੀਤੀ ’ਤੇ ਚਰਚਾ ਹੋ ਸਕਦੀ ਹੈ। ਬੱਚਿਆਂ ਦਾ ਟੀਕਾਕਰਨ ਤਿੰਨ ਜਨਵਰੀ ਤੋਂ ਸ਼ੁਰੂ ਹੋ ਚੁਕਿਆ ਹੈ, ਜਦੋਂ ਕਿ ਯੋਗ ਆਬਾਦੀ ਨੂੰ ਐਡੀਸ਼ਨਲ ਕੋਰੋਨਾ ਟੀਕਾ ਕੱਲ ਯਾਨੀ 10 ਜਨਵਰੀ ਨੂੰ ਲਾਇਆ ਜਾਵੇਗਾ। ਹੁਣ ਤੱਕ 2 ਕਰੋੜ ਤੋਂ ਵੱਧ ਬੱਚਿਆਂ ਨੂੰ ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਹਾਲ ਦੇ ਦਿਨ ’ਚ ਦੇਸ਼ ’ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਮੁੜ ਵਧਣ ਲੱਗਾ ਹੈ ਅਤੇ ਇਸ ਨਾਲ ਨਜਿੱਠਣ ਲਈ ਵੀ ਵਿਆਪਕ ਪੱਧਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਦੇਸ਼ ’ਚ ਪਿਛਲੇ 224 ਦਿਨਾਂ ’ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਆਏ ਸਾਹਮਣੇ, ਓਮੀਕ੍ਰੋਨ ਦੇ ਕੇਸ ਵੀ ਵਧੇ
ਤਾਜ਼ਾ ਅੰਕੜਿਆਂ ਅਨੁਸਾਰ ਕੁੱਲ ਟੀਕਾਕਰਨ 151.58 ਕਰੋੜ ਤੋਂ ਵੱਧ ਹੋ ਗਿਆ ਹੈ। ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਸੰਕਰਮਣ ਦੇ 552 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਇਸ ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 3,623 ਹੋ ਗਈ ਹੈ। ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਸੰਕਰਮਣ ਦੇ 1,59,632 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ 224 ਦਿਨਾਂ ’ਚ ਸਾਹਮਣੇ ਆਏ ਸਭ ਤੋਂ ਵੱਧ ਰੋਜ਼ ਦੇ ਮਮਲੇ ਹਨ। ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 5,90,611 ਹੋ ਗਈ ਹੈ, ਜੋ ਕਰੀਬ 197 ਦਿਨਾਂ ’ਚ ਸਭ ਤੋਂ ਵੱਧ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 327 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 4,83,790 ਹੋ ਗਈ ਹੈ। ਓਮੀਕ੍ਰੋਨ ਦੇ 3,623 ਮਾਮਲਿਆਂ ’ਚੋਂ 1,409 ਲੋਕ ਜਾਂ ਤਾਂ ਦੇਸ਼ ਤੋਂ ਬਾਹਰ ਚਲੇ ਗਏ ਹਨ ਜਾਂ ਸਿਹਤਮੰਦ ਹੋ ਗਏ ਹਨ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਵਲੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ