ਤ੍ਰਿਨੀਦਾਦ ਐਂਡ ਟੋਬੈਗੋ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਕਾਰੋਬਾਰੀਆਂ ਨਾਲ ਮੁੰਬਈ ’ਚ ਕੀਤਾ ਡਿਨਰ

Saturday, May 18, 2024 - 12:25 PM (IST)

ਤ੍ਰਿਨੀਦਾਦ ਐਂਡ ਟੋਬੈਗੋ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਕਾਰੋਬਾਰੀਆਂ ਨਾਲ ਮੁੰਬਈ ’ਚ ਕੀਤਾ ਡਿਨਰ

*ਮੋਦੀ ਯਾਰਾਂ ਦਾ ਯਾਰ, ਕੋਰੋਨਾ ਕਾਲ ’ਚ ਦਿਲ ਖੋਲ੍ਹ ਕੇ ਕੀਤੀ ਮਦਦ : ਕੀਥ ਕ੍ਰਿਸਟੋਫਰ ਰੌਲੀ*

ਮੁੰਬਈ (ਵਿਸ਼ੇਸ਼)- ਕੈਰੇਬੀਅਨ ਦੇਸ਼ ਤ੍ਰਿਨੀਦਾਦ ਐਂਡ ਟੋਬੈਗੋ ਦੇ ਪ੍ਰਧਾਨ ਮੰਤਰੀ ਡਾ. ਕੀਥ ਕ੍ਰਿਸਟੋਫਰ ਰੌਲੀ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਵੱਲੋਂ ਕੀਤੀ ਗਈ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਮੁੰਬਈ ਦੇ ਹੋਟਲ ਤਾਜ ਪੈਲੇਸ ਵਿਖੇ ਸਟੀਲ ਕਾਰੋਬਾਰੀ ਮੋਨੀਸ਼ ਬਹਿਲ ਦੇ ਸੱਦੇ ’ਤੇ ਕਰਵਾਏ ਗਏ ਚੋਣਵੇਂ ਕਾਰੋਬਾਰੀਆਂ ਨਾਲ ਡਿਨਰ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਮਨੁੱਖਤਾ ’ਤੇ ਸੰਕਟ ਬਣ ਕੇ ਸਾਹਮਣੇ ਆਈ ਸੀ ਅਤੇ ਦੁਨੀਆ ਦੇ ਕਈ ਦੇਸ਼ਾਂ ਕੋਲ ਉਸ ਸਮੇਂ ਵੈਕਸੀਨ ਉਪਲਬੱਧ ਨਹੀਂ ਸੀ ਪਰ ਅਜਿਹੇ ਸਮੇਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਰਾਂ ਦੇ ਯਾਰ ਵਾਂਗ ਮਿੱਤਰਤਾ ਨਿਭਾਉਂਦੇ ਹੋਏ ਉਨ੍ਹਾਂ ਦੇ ਦੇਸ਼ ’ਚ ਵੈਕਸੀਨ ਭੇਜੀ, ਜਿਸ ਕਾਰਨ ਤ੍ਰਿਨੀਦਾਦ ਐਂਡ ਟੋਬੈਗੋ ਇਸ ਭਿਆਨਕ ਮਹਾਮਾਰੀ ਤੋਂ ਉੱਭਰ ਸਕਿਆ।

PunjabKesari

ਉਨ੍ਹਾਂ ਕਿਹਾ ਕਿ ਇਹ ਅਜਿਹਾ ਦੌਰ ਸੀ, ਜਦੋਂ ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਨੇ ਸਾਡੀ ਮਦਦ ਕਰਨ ਲਈ ਹੱਥ ਖੜ੍ਹੇ ਕਰ ਦਿੱਤੇ ਸਨ। ਇਸ ਦੌਰਾਨ ਕੁਝ ਅਜਿਹੇ ਮਿੱਤਰ ਦੇਸ਼ ਸਨ, ਜਿਨ੍ਹਾਂ ਨੇ ਆਪਣੀ ਲੋੜ ਤੋਂ ਤਿੰਨ ਗੁਣਾ ਵੱਧ ਵੈਕਸੀਨ ਖਰੀਦ ਲਈ ਸੀ ਪਰ ਸਾਨੂੰ ਵੈਕਸੀਨ ਨਹੀਂ ਦਿੱਤੀ ਗਈ। ਅਜਿਹੀ ਸਥਿਤੀ ’ਚ ਪਹਿਲੇ ਪੜਾਅ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਨੂੰ ਵੈਕਸੀਨ ਭੇਜੀ ਅਤੇ ਇਹ ਵੈਕਸੀਨ ਅਸੀਂ ਸਭ ਤੋਂ ਪਹਿਲਾਂ ਆਪਣੇ ਸਿਹਤ ਕਰਮਚਾਰੀਆਂ ਨੂੰ ਲਾਈ ਅਤੇ ਉਸ ਤੋਂ ਬਾਅਦ ਦੇਸ਼ ਦੀ ਆਮ ਜਨਤਾ ਨੂੰ ਇਹ ਵੈਕਸੀਨ ਲਾਈ ਗਈ। ਦਰਅਸਲ ਤ੍ਰਿਨੀਦਾਦ ਐਂਡ ਟੋਬੈਗੋ ਦੇ ਪ੍ਰਧਾਨ ਮੰਤਰੀ ਡਾ. ਕ੍ਰਿਸਟੋਫਰ ਰੌਲੀ ਇਨ੍ਹੀਂ ਦਿਨੀਂ ਭਾਰਤ ਵਿਚ ਕਾਰੋਬਾਰੀਆਂ ਨਾਲ ਬੈਠਕਾਂ ਕਰ ਰਹੇ ਹਨ। ਮੁੰਬਈ ’ਚ ਹੋਈ ਇਸ ਬੈਠਕ ’ਚ ਤ੍ਰਿਨੀਦਾਦ ਐਂਡ ਟੋਬੈਗੋ ਦੇ ਦੂਰਸੰਚਾਰ ਮੰਤਰੀ ਸਾਇਮੰਡ ਨੋਬਰੀਗਾ ਅਤੇ ਖੇਡ ਮੰਤਰੀ ਸ਼ੈਂਫਾ ਕੁਜੋ ਤੋਂ ਇਲਾਵਾ ਭਾਰਤ ’ਚ ਤ੍ਰਿਨੀਦਾਦ ਐਂਡ ਟੋਬੈਗੋ ਦੇ ਹਾਈ ਕਮਿਸ਼ਨਰ ਰੋਜਰ ਗੋਪਾਲ ਵੀ ਮੌਜੂਦ ਸਨ। ਇਸ ਬੈਠਕ ਦਾ ਮਕਸਦ ਆਪਣੇ ਦੇਸ਼ ਲਈ ਭਾਰਤ ਤੋਂ ਨਿਵੇਸ਼ ਆਕਰਸ਼ਿਤ ਕਰਨਾ ਹੈ। ਰੌਲੀ ਆਪਣੇ ਦੇਸ਼ ’ਚ ਰਿਲਾਇੰਸ ਦੇ ਸਹਿਯੋਗ ਨਾਲ ਕ੍ਰਿਕਟ ਅਕੈਡਮੀ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਦਰਅਸਲ ਕੈਰੇਬੀਅਨ ਦੇਸ਼ਾਂ ’ਚ ਕ੍ਰਿਕਟ ਨੂੰ ਲੈ ਕੇ ਕਾਫੀ ਜਨੂੰਨ ਹੈ ਅਤੇ ਮੁੰਬਈ ’ਚ ਹੋਈ ਇਸ ਮੀਟਿੰਗ ਦੌਰਾਨ ਵੈਸਟਇੰਡੀਜ਼ ਦੇ ਕ੍ਰਿਕਟ ਖਿਡਾਰੀ ਅਤੇ ਸਾਬਕਾ ਕਪਤਾਨ ਕੀਰੋਨ ਪੋਲਾਰਡ ਮੌਜੂਦ ਰਹੇ। ਲਿਹਾਜ਼ਾ ਪ੍ਰਧਾਨ ਮੰਤਰੀ ਰੌਲੀ ਇਸ ਖੇਤਰ ਵਿਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। ਮੁੰਬਈ ਦੇ ਹੋਟਲ ਤਾਜ ਵਿਖੇ ਕਾਰੋਬਾਰੀਆਂ ਨਾਲ ਡਿਨਰ ਦੌਰਾਨ ਤ੍ਰਿਨੀਦਾਦ ਐਂਡ ਟੋਬੈਗੋ ਦੇ ਪ੍ਰਧਾਨ ਮੰਤਰੀ ਡਾ. ਕੀਥ ਕ੍ਰਿਸਟੋਫਰ ਰੌਲੀ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸ਼ੈਰੋਨ ਰੌਲੀ, ਉਨ੍ਹਾਂ ਨਾਲ ਸਟੀਲ ਕਾਰੋਬਾਰੀ ਮੋਨੀਸ਼ ਬਹਿਲ, ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਾਇਸ਼ਾ ਚੋਪੜਾ।

ਤ੍ਰਿਨੀਦਾਦ ਐਂਡ ਟੋਬੈਗੋ ਦੀ ਇਕ ਤਿਹਾਈ ਆਬਾਦੀ ਭਾਰਤੀ

ਤ੍ਰਿਨੀਦਾਦ ਅਤੇ ਟੋਬੈਗੋ ਅਤੇ ਭਾਰਤ ਦੇ ਕਰੀਬੀ ਸਬੰਧ ਹਨ। ਇਸ ਦੇਸ਼ ਦੀ ਕੁੱਲ ਆਬਾਦੀ ਲਗਭਗ 15,35,000 ਹੈ ਅਤੇ ਇਸ ’ਚੋਂ 5,56,000 ਲੋਕ ਭਾਰਤੀ ਮੂਲ ਦੇ ਹਨ। ਇਸ ਦੇਸ਼ ਦੀ ਆਬਾਦੀ ਦਾ 35 ਫੀਸਦੀ ਹਿੱਸਾ ਭਾਰਤੀ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਵਿਚਾਲੇ ਸੱਭਿਆਚਾਰਕ ਰਿਸ਼ਤੇ ਵੀ ਬਹੁਤ ਮਜ਼ਬੂਤ ​​ਹਨ। ਤ੍ਰਿਨੀਦਾਦ ਐਂਡ ਟੋਬੈਗੋ ਦੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਵੀ ਦੀਵਾਲੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦਾ ਕੁਦਰਤੀ ਸਹਿਯੋਗੀ ਹੈ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਚੰਗੇ ਸਬੰਧ ਹਨ।
 


author

DIsha

Content Editor

Related News