ਅਗਨੀਪਥ ਯੋਜਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਝੂਠ ਬੋਲਿਆ: ਖੜਗੇ
Friday, Jul 26, 2024 - 03:47 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਸਰਾਸਰ ਝੂਠ ਬੋਲਿਆ ਹੈ ਅਤੇ ਉਹ ਇਸ ਵਿਸ਼ੇ 'ਤੇ ਦੇਸ਼ ਵਿਚ ਉਲਝਣ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਯੋਜਨਾ ਨੂੰ ਲੈ ਕੇ ਨੌਜਵਾਨਾਂ ਵਿਚ ਰੋਹ ਹੈ ਅਤੇ ਕਾਂਗਰਸ ਇਸ ਮੰਗ 'ਤੇ ਕਾਇਮ ਹੈ ਕਿ ਇਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਅਗਨੀਪਥ ਯੋਜਨਾ ਨੂੰ ਫ਼ੌਜ ਵਲੋਂ ਕੀਤੇ ਗਏ ਜ਼ਰੂਰੀ ਸੁਧਾਰਾਂ ਦਾ ਇਕ ਉਦਾਹਰਨ ਦੱਸਿਆ ਅਤੇ ਵਿਰੋਧੀ ਧਿਰ 'ਤੇ ਹਥਿਆਰਬੰਦ ਬਲਾਂ ਵਿਚ ਔਸਤ ਉਮਰ ਵਰਗ ਦੇ ਨੌਜਵਾਨ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਭਰਤੀ ਪ੍ਰਕਿਰਿਆ 'ਤੇ ਸਿਆਸਤ ਕਰਨ ਦਾ ਦੋਸ਼ ਲਾਇਆ।
ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ਜੰਗ ਵਿਚ ਜਿੱਤ ਦੀ 25ਵੀਂ ਵਰ੍ਹੇਗੰਢ ਮੌਕੇ ਆਯੋਜਿਤ ਕਾਰਗਿਲ ਵਿਜੇ ਦਿਵਸ 'ਤੇ ਆਪਣੇ ਸੰਬੋਧਨ 'ਚ ਕਿਹਾ ਕਿ ਕੁਝ ਲੋਕ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ 'ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਕਿ ਪੈਨਸ਼ਨ ਦੇ ਪੈਸੇ ਬਚਾਉਣ ਲਈ ਅਗਨੀਪਥ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਨੂੰ ਲੈ ਕੇ ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ ਕਿ ਇਹ ਬੇਹੱਦ ਬਦਕਿਸਮਤੀਪੂਰਨ ਅਤੇ ਨਿੰਦਾਯੋਗ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਕਾਰਗਿਲ ਵਿਜੇ ਦਿਵਸ ਦੇ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਵਰਗੇ ਮੌਕੇ 'ਤੇ ਵੀ ਤੁੱਛ ਸਿਆਸਤ ਕਰ ਰਹੇ ਹਨ। ਅਜਿਹਾ ਪਹਿਲਾ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ।