ਜਾਤੀ ਜਨਗਣਨਾ ਬੋਲਣ ਤੋਂ ਡਰਦੇ ਹਨ PM ਮੋਦੀ : ਰਾਹੁਲ ਗਾਂਧੀ
Monday, Sep 23, 2024 - 02:38 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਾਖਵਾਂਕਰਨ ਦੇ ਮੁੱਦੇ 'ਤੇ ਭਾਜਪਾ ਦੇ ਹਮਲਿਆਂ ਨੂੰ ਲੈ ਕੇ ਉਸ 'ਤੇ ਪਲਟਵਾਰ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਬਹੁਜਨ ਵਿਰੋਧੀ ਭਾਜਪਾ ਭਾਵੇਂ ਕਿੰਨਾ ਵੀ ਝੂਠ ਫੈਲਾ ਲਵੇ ਪਰ ਮੁੱਖ ਵਿਰੋਧੀ ਦਲ ਰਾਖਵਾਂਕਰਨ ਨੂੰ ਪ੍ਰਭਾਵਿਤ ਨਹੀਂ ਹੋਣ ਦੇਵੇਗਾ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਜਾਤੀ ਜਨਗਣਨਾ' ਬੋਲਣ ਤੱਕ ਤੋਂ ਡਰਦੇ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਬਹੁਜਨ ਨੂੰ ਉਨ੍ਹਾਂ ਦਾ ਹੱਕ ਮਿਲੇ। ਰਾਹੁਲ ਗਾਂਧੀ ਨੇ ਰਾਖਵਾਂਕਰਨ ਦੀ 50 ਫ਼ੀਸਦੀ ਦੀ ਹੱਦ ਨੂੰ ਹਟਾਉਣ ਦੀ ਪੈਰਵੀ ਕਰਦੇ ਹੋਏ ਇਹ ਵੀ ਕਿਹਾ ਕਿ ਬਹੁਜਨ ਨੂੰ ਨਿਆਂ ਦਿਵਾਉਣਾ ਉਨ੍ਹਾਂ ਦੇ ਜੀਵਨ ਦਾ ਮਿਸ਼ਨ ਹੈ। ਅਮਰੀਕਾ 'ਚ ਰਾਹੁਲ ਗਾਂਧੀ ਵਲੋਂ ਰਾਖਵਾਂਕਰਨ ਦੇ ਸੰਦਰਭ 'ਚ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਅਤੇ ਉਸ ਦੇ ਸੀਨੀਅਰ ਨੇਤਾ ਉਨ੍ਹਾਂ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੀ ਇਕ ਚੋਣ ਸਭਾ 'ਚ ਰਾਖਵਾਂਕਰਨ ਦੇ ਮੁੱਦੇ 'ਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਕਿਸੇ ਨੂੰ ਵੀ ਪਹਾੜੀ, ਗੁੱਜਰ, ਦਲਿਤ, ਹੋਰ ਪਿਛੜੇ ਵਰਗਾਂ ਸਮੇਤ ਵਾਂਝੇ ਵਰਗਾਂ ਨੂੰ ਦਿੱਤੇ ਗਏ ਰਾਖਵਾਂਕਰਨ ਨੂੰ ਛੂਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਸੀ,''ਰਾਹੁਲ ਗਾਂਧੀ ਅਮਰੀਕਾ 'ਚ ਕਹਿ ਰਹੇ ਹਨ ਕਿ ਰਾਖਵਾਂਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਯੋਗ ਭਾਈਚਾਰਿਆਂ ਲਈ ਰਾਖਵਾਂਕਰਨ ਖ਼ਤਮ ਕਰਨ ਦੀ ਇਜਾਜ਼ਤ ਨਹੀਂ ਹੈ।'' ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸੋਮਵਾਰ ਨੂੰ ਪੋਸਟ ਕੀਤਾ,''ਬਹੁਜਨ ਵਿਰੋਧੀ ਭਾਜਪਾ ਭਾਵੇਂ ਕਿੰਨਾ ਵੀ ਝੂਠ ਫੈਲਾ ਲੈਣ, ਅਸੀਂ ਰਾਖਵਾਂਕਰਨ ਨੂੰ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ।'' ਉਨ੍ਹਾਂ ਕਿਹਾ,''ਅਸੀਂ ਉਦੋਂ ਤੱਕ ਨਹੀਂ ਰੁਕਾਂਗੇ, ਜਦੋਂ ਤੱਕ ਇਕ ਵਿਆਪਕ ਜਾਤੀ ਜਨਗਣਨਾ ਨਾ ਹੋ ਜਾਵੇ, ਰਾਖਵਾਂਕਰਨ ਤੋਂ 50 ਫ਼ੀਸਦੀ ਦੀ ਹੱਦ ਹਟਾ ਕੇ ਹਰ ਵਰਗ ਨੂੰ ਉਨ੍ਹਾਂ ਦਾ ਹੱਕ, ਹਿੱਸੇਦਾਰੀ ਅਤੇ ਨਿਆਂ ਨਾ ਮਿਲ ਜਾਵੇ ਅਤੇ ਜਨਗਣਨਾ ਤੋਂ ਪ੍ਰਭਾਵਿਤ ਜਾਣਕਾਰੀ ਭਵਿੱਖ ਦੀਆਂ ਨੀਤੀਆਂ ਦਾ ਆਧਾਰ ਨਾ ਬਣ ਜਾਵੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8