ਐਮਰਜੈਂਸੀ ਭਾਰਤ ਦੇ ਇਤਹਾਸ ਦਾ ਕਾਲਾ ਦੌਰ, ਪ੍ਰਧਾਨ ਮੰਤਰੀ ਨੇ ਯੋਗਾ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਣ ਦੀ ਕੀਤੀ ਅਪੀਲ

Tuesday, Jun 20, 2023 - 01:41 PM (IST)

ਐਮਰਜੈਂਸੀ ਭਾਰਤ ਦੇ ਇਤਹਾਸ ਦਾ ਕਾਲਾ ਦੌਰ, ਪ੍ਰਧਾਨ ਮੰਤਰੀ ਨੇ ਯੋਗਾ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਮਰਜੈਂਸੀ ਭਾਰਤ ਦੇ ਇਤਹਾਸ ਦਾ ਉਹ ‘ਕਾਲਾ ਦੌਰ’ ਸੀ, ਜਦੋਂ ਲੋਕਤੰਤਰ ਦੇ ਸਮਰਥਕਾਂ ’ਤੇ ਜ਼ੁਲਮ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਆਕਾਸ਼ਵਾਣੀ ਦੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 102ਵੀਂ ਕਿਸ਼ਤ ’ਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ‘ਲੋਕਤੰਤਰ ਦੀ ਜਨਨੀ’ ਹੈ, ਜੋ ਲੋਕਤੰਤਰਿਕ ਆਦਰਸ਼ਾਂ ਅਤੇ ਸੰਵਿਧਾਨ ਨੂੰ ਸਭ ਤੋਂ ਉੱਪਰ ਮੰਨਦਾ ਹੈ, ਲਿਹਾਜਾ 25 ਜੂਨ ਦੀ ਤਰੀਕ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਭਾਰਤ ’ਚ 1975 ’ਚ ਐਮਰਜੈਂਸੀ ਲਾਈ ਗਈ ਸੀ। ਇਸ ਨੂੰ ਭਾਰਤ ਦੇ ਲੋਕਤੰਤਰਿਕ ਇਤਿਹਾਸ ਦੀ ਵੱਡੀ ਘਟਨਾ ਮੰਨਿਆ ਜਾਂਦਾ ਹੈ। ਮੋਦੀ ਨੇ ਕਿਹਾ, ‘‘ਭਾਰਤ ਲੋਕਤੰਤਰ ਦੀ ਜਨਨੀ ਹੈ। ਅਸੀਂ, ਆਪਣੇ ਲੋਕਤੰਤਰਿਕ ਆਦਰਸ਼ਾਂ ਨੂੰ ਸਭ ਤੋਂ ਉੱਪਰ ਮੰਨਦੇ ਹਾਂ, ਆਪਣੇ ਸੰਵਿਧਾਨ ਨੂੰ ਸਭ ਤੋਂ ਉੱਪਰ ਮੰਨਦੇ ਹਾਂ, ਇਸ ਲਈ ਅਸੀਂ 25 ਜੂਨ ਨੂੰ ਵੀ ਕਦੇ ਭੁਲਾ ਨਹੀਂ ਸਕਦੇ। ਇਹ ਉਹੀ ਦਿਨ ਹੈ, ਜਦੋਂ ਸਾਡੇ ਦੇਸ਼ ’ਤੇ ਐਮਰਜੈਂਸੀ ਥੋਪੀ ਗਈ ਸੀ।’’ ਉਨ੍ਹਾਂ ਕਿਹਾ, ‘‘ਇਹ ਭਾਰਤ ਦੇ ਇਤਿਹਾਸ ਦਾ ਕਾਲਾ ਦੌਰ ਸੀ। ਲੱਖਾਂ ਲੋਕਾਂ ਨੇ ਐਮਰਜੈਂਸੀ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਸੀ। ਲੋਕਤੰਤਰ ਦੇ ਸਮਰਥਕਾਂ ’ਤੇ ਉਸ ਦੌਰਾਨ ਇੰਨਾ ਜ਼ੁਲਮ ਕੀਤਾ ਗਿਆ, ਇੰਨੇ ਤਸੀਹੇ ਦਿੱਤੇ ਗਏ ਕਿ ਅੱਜ ਵੀ ਦਿਲ ਕੰਬ ਉੱਠਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਜਦੋਂ ਆਜ਼ਾਦੀ ਦੇ 75 ਸਾਲ ਤੋਂ 100ਵੇਂ ਸਾਲ ਵੱਲ ਵਧ ਰਿਹਾ ਹੈ ਤਾਂ ਆਜ਼ਾਦੀ ਨੂੰ ਖਤਰੇ ’ਚ ਪਾਉਣ ਵਾਲੇ ਐਮਰਜੈਂਸੀ ਦੇ ਅਪਰਾਧਾਂ ਦੀ ਜਾਂਚ-ਪੜਤਾਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਲੋਕਤੰਤਰ ਦੇ ਮਾਅਇਨੇ ਅਤੇ ਉਸ ਦੀ ਅਹਿਮੀਅਤ ਸਮਝਣ ’ਚ ਹੋਰ ਜ਼ਿਆਦਾ ਆਸਾਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਵੀ ਜ਼ਿਕਰ ਕੀਤਾ ਅਤੇ ਦੇਸ਼ ਵਾਸੀਆਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ, ‘‘ਯੋਗਾ ਨੂੰ ਆਪਣੇ ਜੀਵਨ ’ਚ ਜ਼ਰੂਰ ਆਪਣਾਓ, ਇਸ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਓ। ਜੇਕਰ ਅਜੇ ਵੀ ਤੁਸੀਂ ਯੋਗਾ ਨਾਲ ਨਹੀਂ ਜੁੜੇ ਹੋ ਤਾਂ 21 ਜੂਨ ਇਸ ਸੰਕਲਪ ਲਈ ਬਹੁਤ ਵਧੀਆ ਮੌਕਾ ਹੈ। ਯੋਗਾ ’ਚ ਤਾਂ ਵੈਸੇ ਵੀ ਜ਼ਿਆਦਾ ਵਿਖਾਵੇ ਦੀ ਜ਼ਰੂਰਤ ਹੀ ਨਹੀਂ ਹੁੰਦੀ ਹੈ। ਜਦੋਂ ਤੁਸੀਂ ਯੋਗਾ ਨਾਲ ਜੁੜੋਗੇ, ਤਾਂ ਤੁਹਾਡੇ ਜੀਵਨ ’ਚ ਬਹੁਤ ਤਬਦੀਲੀ ਆਵੇਗੀ।’’ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਇਸ ਸਾਲ ਯੋਗ ਦਿਵਸ ’ਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਪਹਿਲੀ ਵਾਰ ਯੋਗਾ ਸੈਸ਼ਨ ਦੀ ਅਗਵਾਈ ਕਰਨਗੇ। ਅੰਤਰਰਾਸ਼ਟਰੀ ਯੋਗ ਦਿਵਸ ਦਾ ਮਕਸਦ ਇਸ ਦੇ ਕਈ ਲਾਭਾਂ ਬਾਰੇ ਦੁਨੀਆ ਭਰ ’ਚ ਜਾਗਰੂਕਤਾ ਵਧਾਉਣਾ ਹੈ। ਇਸ ਦੀ ਯੂਨੀਵਰਸਲ ਅਪੀਲ ਨੂੰ ਸਵੀਕਾਰ ਕਰਦੇ ਹੋਏ, ਦਸੰਬਰ 2014 ’ਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਚੱਕਰਵਾਤ ਬਿਪਰਜੋਏ ਨਾਲ ਗੁਜਰਾਤ ਦੇ ਕੱਛ ਜ਼ਿਲੇ ’ਚ ਹੋਈ ਤਬਾਹੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਜਿਸ ਮਜ਼ਬੂਤੀ ਨਾਲ ਉਸ ਦਾ ਮੁਕਾਬਲਾ ਕੀਤਾ, ਉਹ ਬੇਮਿਸਾਲ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਕੱਛ ਦੇ ਲੋਕ ਛੇਤੀ ਹੀ ਇਸ ਤਬਾਹੀ ਤੋਂ ਉੱਭਰ ਜਾਣਗੇ। ਉਨ੍ਹਾਂ ਕੁਦਰਤ ਦੀ ਸੁਰੱਖਿਆ ਨੂੰ ਕੁਦਰਤੀ ਆਫਤਾਵਾਂ ਨਾਲ ਮੁਕਾਬਲਾ ਕਰਨ ਦਾ ਇਕ ਵੱਡਾ ਤਰੀਕਾ ਦੱਸਿਆ। ਉਨ੍ਹਾਂ ਕਿਹਾ, ‘‘ਚੱਕਰਵਾਤ ਬਿਪਰਜੋਏ ਨੇ ਕੱਛ ’ਚ ਕਿੰਨਾ ਕੁਝ ਤਹਿਸ-ਨਹਿਸ ਕਰ ਦਿੱਤਾ ਪਰ ਕੱਛ ਦੇ ਲੋਕਾਂ ਨੇ ਜਿਸ ਹਿੰਮਤ ਅਤੇ ਤਿਆਰੀ ਨਾਲ ਇੰਨੇ ਖਤਰਨਾਕ ਚੱਕਰਵਾਤ ਦਾ ਮੁਕਾਬਲਾ ਕੀਤਾ, ਉਹ ਵੀ ਓਨਾ ਹੀ ਬੇਮਿਸਾਲ ਹੈ। ‍ਆਤਮਵਿਸ਼ਵਾਸ ਨਾਲ ਭਰੇ ਕੱਛ ਦੇ ਲੋਕ ਚੱਕਰਵਾਤ ਬਿਪਰਜੋਏ ਨਾਲ ਹੋਈ ਤਬਾਹੀ ਤੋਂ ਛੇਤੀ ਉੱਭਰ ਜਾਣਗੇ।’’

ਦੀ ਨੇ ਕਿਹਾ ਕਿ ਕੁਦਰਤੀ ਆਫਤਾਵਾਂ ’ਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਪਰ ਪਿਛਲੇ ਕੁਝ ਸਾਲਾਂ ’ਚ ਭਾਰਤ ਨੇ ਆਫਤ ਪ੍ਰਬੰਧਨ ਦੀ ਜੋ ਤਾਕਤ ਵਿਕਸਿਤ ਕੀਤੀ ਹੈ, ਉਹ ਅੱਜ ਇਕ ਉਦਾਹਰਣ ਬਣ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੇ ਤੋਂ ਵੱਡਾ ਟੀਚਾ ਹੋਵੇ, ਔਖੀ ਤੋਂ ਔਖੀ ਚੁਣੌਤੀ ਹੋਵੇ, ਭਾਰਤ ਦੇ ਲੋਕਾਂ ਦਾ ਸਮੂਹਿਕ ਬਲ ਹਰ ਚੁਣੌਤੀ ਦਾ ਹੱਲ ਕੱਢ ਦਿੰਦਾ ਹੈ। ਉਨ੍ਹਾਂ ਕਿਹਾ, ‘‘ਅੱਜ-ਕੱਲ ਮਾਨਸੂਨ ਦੇ ਸਮੇਂ ’ਚ ਇਸ ਦਿਸ਼ਾ ’ਚ ਸਾਡੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਲਈ ਅੱਜ ਦੇਸ਼ ‘ਕੈਚ ਦਿ ਰੇਨ’ ਵਰਗੀਆਂ ਮੁਹਿੰਮਾਂ ਰਾਹੀਂ ਸਮੂਹਿਕ ਯਤਨ ਕਰ ਰਿਹਾ ਹੈ।’’ ਪ੍ਰਧਾਨ ਮੰਤਰੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ‘ਮਨ ਕੀ ਬਾਤ’ ਰਾਹੀਂ ਆਪਣੇ ਵਿਚਾਰ ਸਾਂਝੇ ਕਰਦੇ ਹਨ। ਉਹ 21 ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ’ਤੇ ਰਹਿਣਗੇ, ਇਸ ਲਈ ਇਸ ਵਾਰ ‘ਮਨ ਕੀ ਬਾਤ’ ਦਾ ਪ੍ਰਸਾਰਣ ਇੱਕ ਹਫ਼ਤਾ ਪਹਿਲਾਂ ਕੀਤਾ ਗਿਆ। ਇਸ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ‘‘ਤੁਸੀਂ ਸਾਰੇ ਜਾਣਦੇ ਹੀ ਹੋ, ਅਗਲੇ ਹਫਤੇ ਮੈਂ ਅਮਰੀਕਾ ’ਚ ਰਹਾਂਗਾ ਅਤੇ ਉੱਥੇ ਬਹੁਤ ਸਾਰੀ ਭੱਜਦੌੜ ਵੀ ਰਹੇਗੀ, ਇਸ ਲਈ ਮੈਂ ਸੋਚਿਆ ਉੱਥੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਵਾਂ।’’


author

Anuradha

Content Editor

Related News