ਕਸ਼ਮੀਰ ਦਾ ਮਾਣ ਹੈ ਹਰੀਬਾ ਚੌਧਰੀ, ਬਣੀ ਕਸ਼ਮੀਰ ਦੀ ਪਹਿਲੀ ‘ਕਾਸਮੈਟੋਲੋਜਿਸਟ ਗਰਲ’
Thursday, Jun 23, 2022 - 02:32 PM (IST)
ਸ਼੍ਰੀਨਗਰ- ਕਹਿੰਦੇ ਨੇ ਜੇਕਰ ਇਨਸਾਨ ਅੰਦਰ ਕੁਝ ਕਰਨ ਦਾ ਜਨੂੰਨ ਹੁੰਦਾ ਹੈ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਉਸ ਅੱਗੇ ਗੋਡੇ ਟੇਕ ਲੈਂਦੀਆਂ ਹਨ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਸ਼੍ਰੀਨਗਰ ਦੇ ਰੈਨਾਬਾੜੀ ਇਲਾਕੇ ਦੀ 27 ਸਾਲਾ ਹਰੀਬਾ ਚੌਧਰੀ ਨੇ। ਹਰੀਬਾ ਕਸ਼ਮੀਰ ਦੀ ਪਹਿਲੀ ‘ਕਾਸਮੈਟੋਲੋਜਿਸਟ ਗਰਲ’ ਬਣ ਗਈ ਹੈ। ਹਰੀਬਾ ਨੇ ਬਚਪਨ ’ਚ ਜੋ ਸੁਫ਼ਨਾ ਵੇਖਿਆ ਸੀ, ਉਸ ਨੂੰ ਪੂਰਾ ਕਰ ਲਿਆ ਹੈ।
ਹਰੀਬਾ ਅੱਜ ਨੌਜਵਾਨਾਂ ਲਈ ਇਕ ਮਿਸਾਲ ਬਣ ਗਈ ਹੈ। ਉਹ ਖ਼ੁਦ ਦਾ ਬਰਾਂਡ ਬਣਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਦਾ ਇਹ ਸੁਫ਼ਨਾ ਆਖ਼ਰਕਾਰ ਪੂਰਾ ਹੋ ਗਿਆ। ਇਹ ਮੁਕਾਮ ਪਾਉਣ ਮਗਰੋਂ ਹਰੀਬਾ ਨੇ ਦੱਸਿਆ ਕਿ ਮੇਰਾ ਇਕ ਬੁਟੀਕ ਸੀ ਪਰ ਮੈਂ ਕੁਝ ਹੋਰ ਚਾਹੁੰਦੀ ਸੀ, ਜਿਸ ਦਾ ਭਵਿੱਖ ਬਿਹਤਰ ਹੋਵੇ ਅਤੇ ਜੋ ਰੁਝਾਨ ’ਚ ਹੋਵੇ। ਮੈਂ ਲੈਕਮੇ (LAKME) ’ਚ ਆਪਣਾ ਨਾਂ ਰਜਿਸਟਰ ਕੀਤਾ ਅਤੇ ਦਿੱਲੀ ’ਚ ਇਕ ਕਾਸਮੈਟੋਲੋਜਿਸਟ ਕੋਰਸ ਕੀਤਾ ਹੈ ਅਤੇ ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਮੈਂ ਕਾਸਮੈਟੋਲੋਜਿਸਟ ਦਾ ਇਹ ਕੋਰਸ ਕਰਨ ਵਾਲੀ ‘ਪਹਿਲੀ ਕਸ਼ਮੀਰੀ ਕੁੜੀ’ ਬਣ ਗਈ ਹਾਂ।
ਹਰੀਬਾ ਅੱਗੇ ਦੱਸਦੀ ਹੈ ਕਿ ਨਵੀਂ ਦਿੱਲੀ ’ਚ ਗਰਮੀ ਦੀ ਵਜ੍ਹਾ ਕਰ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਮਸ਼ਹੂਰ ‘VLCC’ ਸੈਲੂਨ ’ਚ ਮੁਖੀ ਵਜੋਂ ਚੁਣਿਆ ਗਿਆ ਅਤੇ ਉਨ੍ਹਾਂ ਵਿਚ ਕੰਮ ਕਰਦੇ ਸਮੇਂ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਰੀਬਾ ਨੇ ਦੱਸਿਆ ਕਿ ਮੈਂ ਪਿਛਲੇ ਸਾਲ ਫੈਸਲਾ ਕੀਤਾ ਕਿ ਮੈਨੂੰ ‘ਆਪਣਾ ਕਾਰੋਬਾਰ’ ਸ਼ੁਰੂ ਕਰਨਾ ਚਾਹੀਦਾ ਹੈ। ਮੈਨੂੰ ਪਹਿਲਾ ਤਜਰਬਾ ਚਾਹੀਦਾ ਸੀ ਜੋ ਮੈਂ ਇਕ ਖਾਸ ਸੈਲੂਨ ਵਿਚ 5 ਸਾਲ ਕੰਮ ਕਰਕੇ ਪ੍ਰਾਪਤ ਕੀਤਾ ਸੀ। ਇਸ ਦੇ ਨਾਲ ਹੀ ਮੈਨੂੰ ਖ਼ੁਦ ’ਤੇ ਭਰੋਸਾ ਸੀ ਕਿ ਮੈਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀ ਹਾਂ, ਕਿਉਂਕਿ ਮੈਂ ਗਾਹਕਾਂ ਨੂੰ ਸ਼ਾਨਦਾਰ ਸੇਵਾ ਦੇ ਰਹੀ ਸੀ। ਮੈਂ ਖ਼ੁਦ ਨੂੰ ਬਰੈਂਡ ਬਣਾਉਣਾ ਚਾਹੁੰਦੀ ਸੀ। ਅੱਜ ਮੈਂ ਜਵਾਹਰ ਨਗਰ ਸ਼੍ਰੀਨਗਰ ’ਚ ‘ਹਰੀਬਾ ਮੇਕਓਵਰ’ ਨਾਂ ਤੋਂ ਆਪਣਾ ਬਿਊਟੀ ਸਟੂਡੀਓ ਚਲਾਉਂਦੀ ਹਾਂ।
ਹਰੀਬਾ ਨੇ ਕਸ਼ਮੀਰ ਦੀਆਂ ਕੁੜੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਹ ਕਰੋ ਭਾਵੇਂ ਉਹ ‘ਛੋਟਾ ਹੋਵੇ ਜਾਂ ਵੱਡਾ’ ਮਾਪਿਆਂ ਨੂੰ ਬੱਚਿਆਂ ਨੂੰ ਕੁਝ ਵੀ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਕਸ਼ਮੀਰ ਦੇ ਸਮਾਜ ਨੂੰ ਮੇਰਾ ਸੰਦੇਸ਼ ਹੈ ਕਿ ਉਹ ਆਧੁਨਿਕਤਾ, ਸਮੇਂ, ਮਾਨਸਿਕ ਤੌਰ 'ਤੇ ਸਮਝਣ ਅਤੇ “ਨਵੀਂ ਪੀੜ੍ਹੀ” ਨੂੰ ਮੌਕਾ ਦਿਓ ਅਤੇ ਉਨ੍ਹਾਂ ਨੂੰ ਸਮਝੋ।