ਰਾਸ਼ਟਰਪਤੀ ਚੋਣ : ਭਾਜਪਾ ਆਗੂਆਂ ਨੇ ਕੀਤੀ ਸੋਨੀਆ ਨਾਲ ਮੁਲਾਕਾਤ
Saturday, Jun 17, 2017 - 01:58 AM (IST)

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਐੱਮ. ਵੈਂਕਈਆ ਨਾਇਡੂ ਨੇ ਰਾਸ਼ਟਰਪਤੀ ਚੋਣ 'ਚ ਉਮੀਦਵਾਰ ਦੀ ਚੋਣ ਨੂੰ ਲੈ ਕੇ ਅੱਜ ਇਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਪਰ ਉਨ੍ਹਾਂ ਨੇ ਕੋਈ ਨਾਂ ਨਹੀਂ ਸੁਝਾਇਆ। ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਅਤੇ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਇਸ ਬੈਠਕ ਮਗਰੋਂ ਭਾਜਪਾ ਆਗੂਆਂ ਨੇ ਆਪਣੇ ਵਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਦੇ ਨਾਂ ਦਾ ਖੁਲਾਸਾ ਹੀ ਨਹੀਂ ਕੀਤਾ ਸਗੋਂ ਸ਼੍ਰੀਮਤੀ ਗਾਂਧੀ ਕੋਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸ ਦਾ ਨਾਂ ਸੁਝਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਆਸ ਕਰ ਰਹੇ ਸਨ ਕਿ ਭਾਜਪਾ ਆਗੂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਕੋਈ ਨਾਂ ਸੁਝਾਉਣਗੇ ਤਾਂ ਕਿ ਕਾਂਗਰਸ ਪ੍ਰਧਾਨ ਪਾਰਟੀ ਦੇ ਅੰਦਰ ਅਤੇ ਸਹਿਯੋਗੀ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਉਸ 'ਤੇ ਵਿਚਾਰ ਵਟਾਂਦਰਾ ਕਰ ਸਕਣ ਪਰ ਅਜਿਹਾ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਆਮ ਸਹਿਮਤੀ ਬਣਾਉਣ ਵਾਸਤੇ 3 ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਸ 'ਚ ਸ਼੍ਰੀ ਸਿੰਘ, ਨਾਇਡੂ ਦੇ ਇਲਾਵਾ ਵਿੱਤ ਮੰਤਰੀ ਅਰੁਣ ਜੇਤਲੀ ਵੀ ਮੈਂਬਰ ਹਨ। ਇਹ ਕਮੇਟੀ ਮੈਂਬਰ ਇਸ ਮਾਮਲੇ 'ਤੇ ਕਈ ਹੋਰ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ।