ਨਵੀਂ ਪੀੜ੍ਹੀ ਦੇ ਕੋਵਿਡ ਟੀਕੇ ਦੀਆਂ ਤਿਆਰੀਆਂ ਜ਼ੋਰਾਂ ''ਤੇ

Monday, May 20, 2024 - 06:00 PM (IST)

ਨਵੀਂ ਪੀੜ੍ਹੀ ਦੇ ਕੋਵਿਡ ਟੀਕੇ ਦੀਆਂ ਤਿਆਰੀਆਂ ਜ਼ੋਰਾਂ ''ਤੇ

ਨਵੀਂ ਦਿੱਲੀ- ਭਾਰਤ 'ਚ ਕੋਵਿਡ-19 ਦੇ ਨਵੀਂ ਪੀੜ੍ਹੀ ਦੇ ਟੀਕੇ ਛੇਤੀ ਹੀ ਉਪਲੱਬਧ ਹੋ ਸਕਦੇ ਹਨ ਕਿਉਂਕਿ ਕਈ ਕੰਪਨੀਆਂ ਇਸ ਨੂੰ ਬਾਜ਼ਾਰ 'ਚ ਉਤਾਰਨ ਦੀ ਤਿਆਰੀ ਕਰ ਰਹੀਆਂ ਹਨ। ਹੈਦਰਾਬਾਦ ਦੀ ਕੰਪਨੀ ਬਾਇਓਲਾਜੀਕਲ ਈ ਨੇ ਸਾਰਸ-ਕੋਵ-2 ਵਾਇਰਸ ਦੇ ਐਕਸ.ਬੀ.ਬੀ. 1.5 ਵੈਰੀਅੰਟ ਨਾਲ ਲੜਨ ਲਈ ਅਗਲੀ ਪੀੜ੍ਹੀ ਦੇ ਕੋਵਿਡ-19 ਟੀਕੇ ਦਾ ਕਲੀਨਿਕਲ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸ਼ੁਰੂਆਤੀ ਨਤੀਜੇ ਜੂਨ 'ਚ ਆਉਣ ਦੀ ਉਮੀਦ ਹੈ।

ਵਿਸ਼ਾ ਮਾਹਿਰ ਕਮੇਟੀ (ਐੱਸ.ਈ.ਸੀ.) ਨੇ ਪਿਛਲੇ ਮਹੀਨੇ ਪੁਣੇ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਓਮੀਕ੍ਰਾਨ ਐਕਸ.ਬੀ.ਬੀ. 1.5 ਵੈਰੀਅੰਟ ਵਾਲੇ ਕੋਵਿਡ-19 ਟੀਕੇ ਲਈ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਸੀ। ਇਸ ਤਹਿਤ ਐਮਰਜੈਂਸੀ ਹਾਲਾਤ 'ਚ ਸੀਮਤ ਵਰਤੋਂ ਲਈ ਸਥਾਨਕ ਕਲੀਨਿਕਲ ਪ੍ਰੀਖਣ ਤੋਂ ਛੋਟ ਦਿੱਤੀ ਗਈ ਸੀ। ਫਿਲਹਾਲ ਭਾਰਤੀ ਬਾਜ਼ਾਰ 'ਚ ਐਕਸ.ਬੀ.ਬੀ. 1.5 ਵੈਰੀਅੰਟ ਵਾਲਾ ਕੋਈ ਟੀਕਾ ਨਹੀਂ ਹੈ।

ਸੀਨੀਅਰ ਮਹਾਮਾਰੀ ਵਿਗਿਆਨੀ ਜੈਪ੍ਰਕਾਸ਼ ਮੁਲੀਇਲ ਨੇ ਇਕ ਅਖਬਾਰ ਨੂੰ ਕਿਹਾ ਕਿ ਫਿਲਹਾਲ ਬਾਜ਼ਾਰ 'ਚ ਉਪਲੱਬਧ ਕੋਈ ਵੀ ਟੀਕਾ ਇਸ ਸਮੇਂ ਫੈਲ ਰਹੇ ਕੋਵਿਡ-19 ਵੈਰੀਅੰਟ ਤੋਂ ਨਹੀਂ ਬਚਾ ਸਕਦਾ। ਓਮੀਕ੍ਰਾਨ ਵੈਰੀਅੰਟ ਦਾ ਪ੍ਰਕੋਪ ਥੰਮ੍ਹ ਗਿਆ ਹੈ ਅਤੇ ਉਸ ਲਈ ਕਿਸੇ ਸੁਰੱਖਿਆ ਦੀ ਲੋੜ ਨਹੀਂ ਹੈ। ਓਮੀਕ੍ਰਾਨ ਕੋਵਿਡ-19 ਖਿਲਾਫ ਲੋੜੀਂਦੀ ਪ੍ਰਤੀਰੱਖਿਆ ਵੀ ਪ੍ਰਦਾਨ ਕਰਦਾ ਹੈ।

ਨਵੀਂ ਪੀੜ੍ਹੀ ਦੇ ਇਹ ਟੀਕੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਦਸੰਬਰ 2023 ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਹਨ, ਜਿਨ੍ਹਾਂ 'ਚ ਕੋਵਿਡ-19 ਟੀਕੇ 'ਚ ਐਂਟੀਜਨ ਦੇ ਰੂਪ 'ਚ ਇਕ ਮੋਨੋਵੈਲੇਂਟ ਐਕਸ.ਬੀ.ਬੀ. 1.5 ਐਂਟੀਜਨ ਰੱਖਣ ਦੀ ਸਲਾਹ ਦਿੱਤੀ ਗਈ ਸੀ। ਡਬਲਯੂ.ਐੱਚ.ਓ. ਨੇ ਕਿਹਾ ਸੀ ਕਿ ਸਾਰਸ-ਕੋਵ-2 ਵਾਇਰਸ ਆਪਣੇ ਸਪਾਇਕ ਪ੍ਰੋਟੀਨ 'ਚ ਵੱਡੇ ਅਨੁਵਾਂਸ਼ਿਕ ਅਤੇ ਐਂਟੀਜਨ ਬਦਲਾਅ ਨਾਲ ਫੈਲ ਰਿਹਾ ਹੈ। ਸਾਰਸ-ਕੋਵ-2 'ਚ ਹੋ ਰਹੇ ਬਦਲਾਅ ਅਤੇ ਇਸ ਸਮੇਂ ਚੱਲ ਰਹੇ ਵੈਰੀਅੰਟ ਖਿਲਾਫ ਮੋਨੋਵੈਲੇਂਟ ਐਕਸ.ਬੀ.ਬੀ. 1.5 ਟੀਕਿਆਂ ਦੀ ਪ੍ਰਤੀਰੱਖਿਆ ਸਮਰੱਥਾ ਨੂੰ ਦੇਖਦੇ ਹੋਏ ਡਬਲਯੂ.ਐੱਚ.ਓ. ਦੀ ਤਕਨੀਕੀ ਸਲਾਹ ਸਮੂਹ ਨੇ ਐਕਸ.ਬੀ.ਬੀ. 1.5 ਨੂੰ ਕੋਵਿਡ-19 ਟੀਕੇ ਦਾ ਐਂਟੀਜਨ ਬਣਾਏ ਰੱਖਣ ਦੀ ਸਲਾਹ ਦਿੱਤੀ ਸੀ। 

ਬਾਇਓਲਾਜੀਕਲ ਈ ਨੂੰ ਦਸੰਬਰ ਤੋਂ ਜਨਵਰੀ ਵਿਚਾਲੇ ਨਵੀਂ ਪੀੜ੍ਹੀ ਦੇ ਇਸ ਟੀਕੇ ਲਈ ਕਲੀਨਿਕਲ ਪ੍ਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਭਾਰਤੀ ਦਵਾਈ ਰੈਗੂਲੇਟਰੀ ਤੋਂ ਮਿਲ ਗਈ ਸੀ। ਕੰਪਨੀ ਦੇ ਇਕ ਸੂਤਰ ਨੇ ਦੱਸਿਆ ਕਿ ਕੰਪਨੀ ਕਈ ਕੇਂਦਰਾਂ 'ਤੇ ਕਲੀਨਿਕਲ ਪ੍ਰੀਖਣ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ ਅਤੇ ਜੂਨ 'ਚ ਉਸ ਦੇ ਸ਼ੁਰੂਆਤੀ ਨਤੀਜੇ ਆਉਣ ਦੀ ਉਮੀਦ ਹੈ।

ਐੱਸ.ਈ.ਸੀ. ਨੇ 7 ਦਸੰਬਰ ਨੂੰ 5 ਤੋਂ 80 ਸਾਲ ਦੀ ਉਮਰ ਦੇ ਲੋਕਾਂ ਵਿਚਾਲੇ ਬਾਇਓਲਾਜੀਕਲ ਈ ਦੇ ਐਕਸ.ਬੀ.ਬੀ. 1.5 ਰਿਸੈਪਟਰ ਬਾਇਡਿੰਗ ਡੋਮੇਨ ਸਬਯੂਨਿਟ ਕੋਵਿਡ-19 ਟੀਕੇ ਦੀ ਪ੍ਰਤੀਰੱਖਿਆ ਅਤੇ ਸੁਰੱਖਿਆ ਦਾ ਮੁਲਾਂਕਣ ਕਰਨ ਲਈ ਤੀਜੇ ਪੜਾਅ ਦੇ ਅਧਿਐਨ ਦੀ ਇਜਾਜ਼ਤ ਦਿੱਤੀ ਸੀ। 

ਇਸ ਵਿਚਾਲੇ ਕੋਵਿਡ-19 ਐੱਸ.ਈ.ਸੀ. ਨੇ ਸੀਰਮ ਦੇ ਐਕਸ.ਬੀ.ਬੀ. 1.5 ਵੈਰੀਅੰਟ 'ਤੇ ਅਧਾਰਤ ਟੀਕੇ ਲਈ ਐਮਰਜੈਂਸੀ ਸਥਿਤੀ 'ਚ ਸੀਮਤ ਇਸਤੇਮਾਲ ਲਈ ਸਥਾਨਕ ਕਲੀਨਿਕਲ ਪ੍ਰੀਖਣ ਤੋਂ ਛੋਟ ਦੇ ਨਾਲ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਹੈ। ਇਹ ਟੀਕਾ ਨੋਵਾਵੈਕਸ ਕੋਵਿਡ-19 ਟੀਕੇ ਤੋਂ ਬਣਿਆ ਹੈ। ਐੱਸ.ਈ.ਸੀ. ਨੇ 12 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚਾਲੇ ਇਸ ਦੀ ਵਰਤੋਂ ਦੀ ਵੀ ਸਿਫਾਰਸ਼ ਕੀਤੀ ਹੈ।

ਸੀਰਮ ਨੇ ਐਕਸ.ਬੀ.ਬੀ. 1.5 ਬੂਸਟਰ ਖੁਰਾਕ ਲਈ ਸੁਰੱਖਿਆ ਅਤੇ ਪ੍ਰਤੀਰੱਖਿਆ ਸਬੰਧੀ ਮੁਲਾਂਕਣ ਵਾਸਤੇ ਅਮਰੀਕਾ 'ਚ ਚੱਲ ਰਹੇ ਕਲੀਨਕਲ ਪ੍ਰੀਖਣ ਦੀ ਕਲੀਨਿਕਲ ਤੋਂ ਪਹਿਲਾਂ ਅਧਿਐਨ ਰਿਪੋਰਟ ਅਤੇ ਅੰਤਰਿਮ ਰਿਪੋਰਟ ਪੇਸ਼ ਕੀਤੀ ਹੈ।


author

Rakesh

Content Editor

Related News