ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਅਤੇ ਪਿ੍ਰਅੰਕਾ ਨਾਲ ਕੀਤੀ ਮੁਲਾਕਾਤ, ਅਟਕਲਾਂ ਹੋਈਆਂ ਤੇਜ਼
Tuesday, Jul 13, 2021 - 06:31 PM (IST)
ਨਵੀਂ ਦਿੱਲੀ— ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਯਾਨੀ ਕਿ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ’ਚ ਕਲੇਸ਼ ਦੇ ਮੁੱਦੇ ’ਤੇ ਇਹ ਮੁਲਾਕਾਤ ਹੋਈ ਹੈ। ਇਸ ਬੈਠਕ ’ਚ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ, ਹਰੀਸ਼ ਰਾਵਤ ਅਤੇ ਕੇ. ਸੀ. ਵੇਣੂਗੋਪਾਲ ਵੀ ਮੌਜੂਦ ਰਹੇ। ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਸੀ। ਪਿਛਲੇ ਕੁਝ ਹਫ਼ਤਿਆਂ ’ਚ ਸਿਲਸਿਲੇਵਾਰ ਰਾਜਨੀਤਕ ਮੁਲਾਕਾਤਾਂ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਬੈਠਕ ਲਈ ਅੱਜ ਦਿੱਲੀ ਸਥਿਤ ਰਾਹੁਲ ਦੇ ਘਰ ਪਹੁੰਚੇ।
ਸਮਝਿਆ ਜਾਂਦਾ ਹੈ ਕਿ ਇਹ ਬੈਠਕ ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ’ਚ ਰਹਿੰਦੇ ਹੋਏ ਉਨ੍ਹਾਂ ਦੇ ਆਲੋਚਕ ਨਵਜੋਤ ਸਿੰਘ ਸਿੱਧੂ ਵਿਚਾਲੇ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਹੋਈ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਨੂੰ ਲੈ ਕੇ ਪਾਰਟੀ ’ਚ ਕੁਝ ਵੱਡੇ ਫ਼ੈਸਲੇ ਹੋ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰਸ਼ਾਤ ਕਿਸ਼ੋਰ ਨੇ ਕੈਪਟਨ ਨਾਲ ਵੀ ਮੁਲਾਕਾਤ ਕੀਤੀ ਸੀ। ਦੱਸ ਦੇਈਏ ਕਿ ਪੰਜਾਬ ਕਾਂਗਰਸ ’ਚ ਚੱਲ ਰਹੇ ਇਸ ਕਲੇਸ਼ ਸਿੱਧੂ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਹੁਣ ਵੀ ਸਰਕਾਰ ਵਿਚ ਅਗਵਾਈ ਤਬਦੀਲੀ ’ਤੇ ਜ਼ੋਰ ਦੇ ਰਹੇ ਹਨ ਪਰ ਪਾਰਟੀ ਵਲੋਂ ਉਨ੍ਹਾਂ ਨੂੰ ਸਨਮਾਨਜਨਕ ਸਥਾਨ ਦੀ ਪੇਸ਼ਕਸ਼ ਦੇ ਨਾਲ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ’ਚ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਕੁਝ ਹੋਰ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਿਜਲੀ ਸਮੇਤ ਵੱਖ-ਵੱਖ ਮੁੱਦਿਆਂ ’ਤੇ ਮੋਰਚਾ ਖੋਲ੍ਹ ਰੱਖਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਲਈ ਕਾਰਗਰ ਕਦਮ ਵੀ ਨਹੀਂ ਚੁੱਕੇ ਗਏ।