ਪ੍ਰਣਬ ਮੁਖਰਜੀ ਦਾ ਅੱਜ ਦਿੱਲੀ 'ਚ 2.30 ਵਜੇ ਹੋਵੇਗਾ ਅੰਤਿਮ ਸੰਸਕਾਰ, 7 ਦਿਨ ਦਾ ਰਾਸ਼ਟਰੀ ਸੋਗ

Tuesday, Sep 01, 2020 - 03:32 AM (IST)

ਪ੍ਰਣਬ ਮੁਖਰਜੀ ਦਾ ਅੱਜ ਦਿੱਲੀ 'ਚ 2.30 ਵਜੇ ਹੋਵੇਗਾ ਅੰਤਿਮ ਸੰਸਕਾਰ, 7 ਦਿਨ ਦਾ ਰਾਸ਼ਟਰੀ ਸੋਗ

ਨਵੀਂ ਦਿੱਲੀ - ਭਾਰਤ ਰਤਨ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 84 ਸਾਲ ਦੀ ਉਮਰ 'ਚ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਿੱਲੀ ਦੇ ਆਰਮੀ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਈ। ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਦੇ ਸਨਮਾਨ 'ਚ 7 ਦਿਨਾਂ ਰਾਸ਼ਟਰੀ ਸੋਗ ਦੀ ਐਲਾਨ ਕੀਤਾ ਹੈ। ਉਨ੍ਹਾਂ ਦਾ ਮੰਗਲਵਾਰ ਨੂੰ ਦਿੱਲੀ 'ਚ ਦੁਪਹਿਰ 2.30 ਵਜੇ ਲੋਧੀ ਸ਼ਮਸ਼ਾਨ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਪੀ.ਐੱਮ. ਮੋਦੀ ਨੇ ਲਿਖਿਆ ਕਿ ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਪੂਰਾ ਦੇਸ਼ ਦੁਖੀ ਹੈ, ਉਹ ਇੱਕ ਸਟੇਟਸਮੈਨ ਸਨ। ਜਿਨ੍ਹਾਂ ਨੇ ਰਾਜਨੀਤਕ ਖੇਤਰ ਅਤੇ ਸਾਮਾਜਕ ਖੇਤਰ ਦੇ ਹਰ ਵਰਗ ਦੀ ਸੇਵਾ ਕੀਤੀ ਹੈ। ਪੀ.ਐੱਮ. ਮੋਦੀ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਸਾਬਕਾ ਰਾਸ਼ਟਰਪਤੀ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। 

ਪ੍ਰਣਬ ਮੁਖਰਜੀ ਦੇ ਦਿਹਾਂਤ 'ਤੇ ਬੰਗਾਲ ਦੀ ਮਮਤਾ ਸਰਕਾਰ ਨੇ ਵੀ 1 ਸਤੰਬਰ ਨੂੰ ਸੂਬੇ 'ਚ ਸੋਗ ਐਲਾਨ ਕੀਤਾ ਹੈ। ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਰਾਜ ਪੁਲਸ ਦਿਵਸ ਸਮਾਗਮ ਵੀ 2 ਸਤੰਬਰ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪ੍ਰਣਬ ਮੁਖਰਜੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਦੀ ਹਾਲ ਹੀ 'ਚ ਬ੍ਰੇਨ ਸਰਜਰੀ ਵੀ ਕੀਤੀ ਗਈ ਸੀ। ਪ੍ਰਣਬ ਮੁਖਰਜੀ ਨੂੰ ਖ਼ਰਾਬ ਸਿਹਤ ਕਾਰਨ 10 ਅਗਸਤ ਨੂੰ ਦਿੱਲੀ ਦੇ RR ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦਿਮਾਗ 'ਚ ਖੂਨ ਦਾ ਥੱਕਾ ਜੰਮ ਜਾਣ ਤੋਂ ਬਾਅਦ ਸਰਜਰੀ ਕੀਤੀ ਗਈ ਸੀ, ਉਸੀ ਸਮੇਂ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਮਿਲੀ ਸੀ।


author

Inder Prajapati

Content Editor

Related News