ਰਾਹੁਲ ਵਲੋਂ ‘ਖੇਤੀ ਕਾ ਖੂਨ’ ਬੁਕਲੇਟ ਜਾਰੀ ਕਰਨ ’ਤੇ ਜਾਵਡੇਕਰ ਦਾ ਵਾਰ- ‘ਕਾਂਗਰਸ ਨੂੰ ਖੂਨ ਨਾਲ ਬਹੁਤ ਪਿਆਰ ਹੈ’

1/19/2021 6:37:08 PM

ਨਵੀਂ ਦਿੱਲੀ— ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਜਾਰੀ ਗੱਲਬਾਤ ਸਫ਼ਲ ਹੁੰਦੇ ਹੋਏ ਕਾਂਗਰਸ ਨਹੀਂ ਦੇਖਣਾ ਚਾਹੁੰਦੀ। ਪ੍ਰਕਾਸ਼ ਜਾਵਡੇਕਰ ਨੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਵਲੋਂ ਚੁੱਕੇ ਗਏ ਸਵਾਲਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਰਾਹੁਲ ਗਾਂਧੀ ਨੂੰ ਲੰਬੇ ਹੱਥੀਂ ਲਿਆ ਅਤੇ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹੁਤ ਪਿਆਰ ਹੈ, ਇਸ ਲਈ ਉਸ ਨੇ ‘ਖੇਤੀ ਕਾ ਖੂਨ’ ਨਾਮੀ ਸਿਰਲੇਖ ਵਾਲੀ ਬੁਕਲੇਟ ਜਾਰੀ ਕੀਤੀ ਹੈ। 

PunjabKesari

ਜਾਵਡੇਕਰ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ 4-5 ਪਰਿਵਾਰ ਅੱਜ ਦੇਸ਼ ’ਤੇ ਹਾਵੀ ਹਨ। ਦੇਸ਼ ਵਿਚ ਰਾਜ ਕਿਸੇ ਪਰਿਵਾਰ ਦਾ ਨਹੀਂ ਹੈ, 135 ਕਰੋੜ ਜਨਤਾ ਦਾ ਦੇਸ਼ ’ਤੇ ਰਾਜ ਹੈ, ਇਹ ਫਰਕ ਹੁਣ ਹੋਇਆ ਹੈ। 50 ਸਾਲ ਕਾਂਗਰਸ ਨੇ ਸਰਕਰਾ ਚਲਾਈ ਤਾਂ ਸਿਰਫ ਇਕ ਹੀ ਪਰਿਵਾਰ ਦੀ ਸਰਕਾਰ ਚੱਲੀ, ਇਕ ਹੀ ਪਰਿਵਾਰ ਸੱਤਾ ’ਚ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੀ ਇਹ ਖੇਡ ਹੈ। ਇਹ ਨਹੀਂ ਚਾਹੁੰਦੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਸਰਕਾਰ ਅਤੇ ਕਿਸਾਨਾਂ ਦੀ ਗੱਲਬਾਤ ਸਫਲ ਹੋਵੇ, ਇਹ ਕਾਂਗਰਸ ਨਹੀਂ ਚਾਹੁੰਦੀ। ਇਸ ਲਈ ਕਾਂਗਰਸ ਵਿਰੋਧ ਦੀ ਨੀਤੀ ਅਪਣਾਉਂਦੀ ਹੈ। ਜਾਵਡੇਕਰ ਨੇ ਭਰੋਸਾ ਜਤਾਇਆ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਜਾਰੀ ਗੱਲਬਾਤ ਸਫ਼ਲ ਹੋਵੇਗੀ। 

PunjabKesari

ਜਾਵਡੇਕਰ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹੁਤ ਪਿਆਰ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਦਲਾਲੀ ਵਰਗੇ ਸ਼ਬਦਾਂ ਦਾ ਬਹੁਤ ਵਾਰ ਇਸਤੇਮਾਲ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਪੁੱਛਿਆ ਕਿ ਇਹ ਖੇਤੀ ਦਾ ਖੂਨ ਕਹਿ ਰਹੇ ਹਨ ਪਰ ਵੰਡ ਦੇ ਸਮੇਂ ਜੋ ਲੱਖਾਂ ਲੋਕ ਮਰੇ ਕੀ ਉਹ ਖੂਨ ਦੀ ਖੇਡ ਨਹੀਂ ਸੀ? 1984 ਵਿਚ ਦਿੱਲੀ ’ਚ 3 ਹਜ਼ਾਰ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਕੀ ਉਹ ਖੂਨ ਦੀ ਖੇਡ ਨਹੀਂ ਸੀ? ਕਾਂਗਰਸ ਦੇ ਸ਼ਾਸਨਕਾਲ ’ਚ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ, ਕੀ ਉਹ ਖੂਨ ਨਹੀਂ ਸੀ? ਭਾਜਪਾ ਦੇਸ਼ ਦੀ ਸਭ ਤੋਂ ਪ੍ਰਮੁੱਖ ਪਾਰਟੀ ਹੈ, ਉਸ ਦੇ ਪ੍ਰਧਾਨ ਨੱਢਾ ਜੀ ਨੇ ਸਵਾਲ ਪੁੱਛੇ, ਰਾਹੁਲ ਗਾਂਧੀ ਦੌੜ ਗਏ। ਜੇਕਰ ਪ੍ਰਸ਼ਨਾਂ ਦੇ ਉੱਤਰ ਨਹੀਂ ਪਤਾ ਤਾਂ ਆਪਣੀ ਅਸਫ਼ਲਤਾ ਕਬੂਲ ਕਰਨੀ ਚਾਹੀਦੀ ਹੈ।

PunjabKesari

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਅੱਜ ਕਿਸਾਨਾਂ ਦੇ ਦਰਦ ’ਤੇ ‘ਖੇਤੀ ਕਾ ਖੂਨ’ ਸਿਰਲੇਖ ਤੋਂ ਇਕ ਬੁਕਲੇਟ ਜਾਰੀ ਕੀਤੀ ਹੈ ਅਤੇ ਇਸ ਮੌਕੇ ’ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨਿ੍ਹਆ। ਰਾਹੁਲ ਨੇ ਦਾਅਵਾ ਕੀਤਾ ਕਿ ਖੇਤੀ ਖੇਤਰ ’ਤੇ 3-4 ਪੂੰਜੀਪਤੀਆਂ ਦਾ ਏਕਾਧਿਕਾਰ ਹੋ ਜਾਵੇਗਾ, ਜਿਸ ਦੀ ਕੀਮਤ ਮੱਧ ਵਰਗ ਅਤੇ ਨੌਜਵਾਨਾਂ ਨੂੰ ਚੁਕਾਉਣੀ ਹੋਵੇਗੀ। 
 


Tanu

Content Editor Tanu