ਹਥਿਆਰਬੰਦ ਦਸਤਿਆਂ ’ਚ ਅਧਿਕਾਰੀਆਂ ਦੇ 10 ਹਜ਼ਾਰ ਤੇ ਜਵਾਨਾਂ ਦੇ ਲੱਖ ਤੋਂ ਵੱਧ ਅਹੁਦੇ ਖਾਲੀ
Tuesday, Jul 27, 2021 - 03:29 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) : ਪੈਦਲ ਫੌਜ, ਹਵਾਈ ਫੌਜ, ਸਮੁੰਦਰੀ ਫੌਜ ਤੇ ਫੌਜ ਮੈਡੀਕਲ ਸੇਵਾ ’ਚ ਅਧਿਕਾਰੀਆਂ ਦੇ ਲਗਭਗ 10 ਹਜ਼ਾਰ ਤੇ ਜਵਾਨਾਂ ਦੇ ਇਕ ਲੱਖ ਤੋਂ ਵੱਧ ਅਹੁਦੇ ਖਾਲੀ ਹਨ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਰਾਜ ਸਭਾ ’ਚ ਇਕ ਲਿਖਤ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੈਦਲ ਫੌਜ ’ਚ ਅਧਿਕਾਰੀਆਂ ਦੇ 7912, ਹਵਾਈ ਫੌਜ ’ਚ 610, ਸਮੁੰਦਰੀ ਫੌਜ ’ਚ 1190 ਤੇ ਫੌਜੀ ਮੈਡੀਕਲ ਤੇ ਡੈਂਟਲ ਸੇਵਾ ’ਚ 444 ਅਹੁਦੇ ਖਾਲੀ ਹਨ। ਫੌਜੀ ਨਰਸਿੰਗ ਸੇਵਾ ’ਚ 693 ਅਹੁਦੇ ਖਾਲੀ ਹਨ। ਆਰਮੀ ’ਚ ਜਵਾਨ ਤੇ ਜੇ. ਸੀ. ਓ. ਦੇ 90,640, ਏਅਰਫੋਰਸ ’ਚ 7104, ਨੇਵੀ ’ਚ 11,927 ਤੇ ਮੈਡੀਕਲ ਸੇਵਾ ’ਚ 126 ਅਹੁਦੇ ਖਾਲੀ ਹਨ। ਸਰਕਾਰ ਹਥਿਆਰਬੰਦ ਫੌਜਾਂ ’ਚ ਅਧਿਕਾਰੀਆਂ ਤੇ ਜਵਾਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਕਈ ਉਪਾਅ ਕਰ ਰਹੀ ਹੈ। ਅਜੇ ਭੱਟ ਨੇ ਦੱਸਿਆ ਕਿ ਸਾਲ 2020 ਦੇ ਅਨੁਸਾਰ ਹਥਿਆਰਬੰਦ ਫੌਜਾਂ ’ਚ ਉੱਤਰੀ ਸੂਬਿਆਂ ਦੇ ਜਵਾਨਾਂ ਤੇ ਜੇ. ਸੀ. ਓ. ਭਾਵ ਜੂਨੀਅਰ ਕਮਿਸ਼ਨ ਅਧਿਕਾਰੀਆਂ ਦੀ ਗਿਣਤੀ ਵੱਧ ਹੈ। ਉੱਤਰ ਪ੍ਰਦੇਸ਼ ਦੇ ਜਵਾਨ ਸਭ ਤੋਂ ਵੱਧ ਹਨ। ਫੌਜ ’ਚ ਹਿਮਾਚਲ ਪ੍ਰਦੇਸ਼ ਦੇ 3571, ਬਿਹਾਰ ਦੇ 3405, ਆਂਧਰ ਪ੍ਰਦੇਸ਼ ਦੇ 2399, ਜੰਮੂ-ਕਸ਼ਮੀਰ ਤੇ ਲੱਦਾਖ ਦੇ 2834 ਤੇ ਕਰਨਾਟਕ ਦੇ 2852 ਜਵਾਨ ਹਨ।
ਜਵਾਨ ਤੇ ਜੂਨੀਅਰ ਕਮਿਸ਼ਨ ਅਧਿਕਾਰੀ (ਜੇ. ਸੀ. ਓ.)
ਫੌਜ | ਹਵਾਈ ਫੌਜ | ਸਮੁੰਦਰੀ ਫੌਜ | |
ਉੱਤਰ ਪ੍ਰਦੇਸ਼ | 7162 | 2345 | 449 |
ਪੰਜਾਬ | 5821 | 100 | 66 |
ਰਾਜਸਥਾਨ | 4868 | 1879 | 248 |
ਹਰਿਆਣਾ | 3825 | 1719 | 404 |
ਮਹਾਰਾਸ਼ਟਰ | 3941 | 187 | 264 |
ਦੇਸ਼ ਦੇ ਆਮ ਨਾਗਰਿਕਾਂ ਵਾਂਗ ਹਥਿਆਰਬੰਦ ਦਸਤਿਆਂ ਦੇ ਜਵਾਨ ਵੀ ਵੱਡੀ ਗਿਣਤੀ ’ਚ ਕੋਰੋਨਾ ਵਾਇਰਸ ਤੋਂ ਪੀੜਤ ਹੋਏ। ਕੋਵਿਡ-19 ਬੀਮਾਰੀ ਦੇ ਕਾਰਨ ਹੁਣ ਤੱਕ ਤਿੰਨਾਂ ਫੌਜਾਂ ਦੇ 184 ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਨਿਯਮਾਂ ਤਹਿਤ ਤਿੰਨਾਂ ਫੌਜਾਂ ਦੇ ਕਰਮਚਾਰੀਆਂ ਨੂੰ ਸੇਵਾ ਦੌਰਾਨ ਕੋਵਿਡ ਨਾਲ ਮੌਤ ਹੋਣ ’ਤੇ ਵਿਸ਼ੇਸ਼ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਹਾਲਾਂਕਿ ਸੇਵਾ ਦੌਰਾਨ ਮੌਤ ਦੇ ਅਜਿਹੇ ਸਾਰੇ ਮਾਮਲਿਆਂ ’ਚ ਰਿਟਾਇਰਮੈਂਟ ’ਤੇ ਮਿਲਣ ਵਾਲੇ ਵੱਖ-ਵੱਖ ਲਾਭ ਦਿੱਤੇ ਜਾਂਦੇ ਹਨ।
ਇਨਫੈਕਸ਼ਨ ਮਾਮਲੇ | ਮੌਤਾਂ | |
ਪੈਦਲ ਫੌਜ | 42,527 | 133 |
ਸਮੁੰਦਰੀ ਫੌਜ | 6688 | 4 |
ਹਵਾਈ ਫੌਜ | 13249 | 47 |