ਸਿਹਤ ਵਿਭਾਗ ਦੀ ਮਹਿਲਾ ਕਰਮਚਾਰੀ ਨਾਲ ਅਸ਼ਲੀਲ ਹਰਕਤ
Tuesday, Apr 07, 2020 - 10:27 PM (IST)

ਪੁਨਹਾਨਾ (ਬਿਊਰੋ)- ਉਪ ਮੰਡਲ ਦੇ ਸਭ ਤੋਂ ਸਿੱਖਿਅਤ ਪਿੰਡ ਬਿਸਰੂ ’ਚ ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ 44 ਟੀਮਾਂ ’ਚੋਂ 32 ਟੀਮਾਂ ਕੋਵਿਡ-19 ਦੀ ਜਾਂਚ ਕਰਨ ਪਹੁੰਚੀਆਂ। ਇਸ ਦੌਰਾਨ ਟੀਮ ਨੰਬਰ 38, 28 ਅਤੇ 41 ਦੇ ਨਾਲ ਗਲਤ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਿੰਡ ਵਾਸੀਆਂ ਨੇ ਮਹਿਲਾ ਸਿਹਤ ਕਰਮਚਾਰੀਆਂ ਨਾਲ ਛੇੜਛਾੜ ਕੀਤੀ ਅਤੇ ਮਸਜਿਦ ’ਚ ਨਿਕਾਹ ਕਰਨ ਦੀ ਟਿੱਪਣੀ ਵੀ ਕੀਤੀ। ਪਿੰਡ ਵਾਸੀਆਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਪਿੰਡ ’ਚ ਨਾ ਆਓ।
ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਟੀਮ ਨੇ ਉੱਥੋਂ ਭੱਜ ਕੇ ਆਪਣੇ ਆਪ ਨੂੰ ਬਚਾਇਆ ਅਤੇ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦਿੱਤੀ ਪਰ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕਰਨ ’ਤੇ ਮਜਬੂਰਨ ਸਾਰਿਆਂ ਨੂੰ ਹਸਪਤਾਲ ਅੰਦਰ ਧਰਨੇ ’ਤੇ ਬੈਠਣਾ ਪਿਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਦੀ ਹਰੇਕ ਟੀਮ ’ਚ ਦੋ ਮਹਿਲਾ ਕਰਮਚਾਰੀਆਂ ਨਾਲ ਇਕ ਪੁਰਸ਼ ਕਰਮਚਾਰੀ ਅਤੇ ਸਿਪਾਹੀ ਹੋਣਾ ਚਾਹੀਦਾ ਹੈ। ਗੌਰਤਲਬ ਹੈ ਕਿ ਬੀਤੇ ਦਿਨੀਂ ਪਿੰਡ ’ਚ ਤਬਲੀਗੀ ਜਮਾਤ ਠਹਿਰੀ ਹੋਈ ਸੀ, ਜਿਸ ’ਚੋਂ 3 ਜਮਾਤੀ ਕੋਰੋਨਾ ਪਾਜ਼ੇਟਿਵ ਸਨ। ਉਪ ਮੰਡਲ ਅਧਿਕਾਰੀ ਵਿਸ਼ਾਲੀ ਸ਼ਰਮਾ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਨੇ ਮੰਗ ਨੂੰ ਲੈ ਕੇ ਮੰਗ-ਪੱਤਰ ਉਨ੍ਹਾਂ ਨੂੰ ਸੌਂਪਿਆ ਹੈ। ਕਰਮਚਾਰੀਆਂ ਨਾਲ ਬਦਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀ. ਐੱਮ. ਓ. ਡਾਕਟਰ ਵਿਰੇਂਦਰ ਯਾਦਵ ਨੇ ਕਿਹਾ ਕਿ ਘਟਨਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।