ਗਰੀਬਾਂ-ਕਿਸਾਨਾਂ ਤੋਂ ਸਸਤੀ ਬਿਜਲੀ ਦਾ ਹੱਕ ਖੋਹਣਾ ਚਾਹੁੰਦੀ ਹੈ ਸਰਕਾਰ : ਓਵੈਸੀ
Tuesday, Dec 22, 2020 - 02:27 PM (IST)
ਹੈਦਰਾਬਾਦ- ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਨਾਲ-ਨਾਲ ਕਿਸਾਨ ਬਿਜਲੀ ਕਾਨੂੰਨ 'ਚ ਪ੍ਰਸਤਾਵ ਸੋਧ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੂੰ ਡਰ ਹੈ ਪ੍ਰਸਤਾਵਿਤ ਸੋਧ ਨਾਲ ਬਿਜਲੀ 'ਤੇ ਉਨ੍ਹਾਂ ਨੂੰ ਮਿਲਣ ਵਾਲੀ ਸਬਸਿਡੀ ਖ਼ਤਮ ਹੋ ਜਾਵੇਗੀ। ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਏ.ਆਈ.ਐੱਮ.ਆਈ.ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਕਿਸਾਨਾਂ ਤੋਂ ਰਿਆਇਤੀ ਦਰ 'ਤੇ ਬਿਜਲੀ ਦਾ ਹੱਕ ਖੋਹਣਾ ਚਾਹੁੰਦੀ ਹੈ। ਓਵੈਸੀ ਨੇ ਮੰਗਲਵਾਰ ਨੂੰ ਆਪਣੇ ਟਵੀਟ 'ਚ ਲਿਖਿਆ,''ਇਹ ਸਰਕਾਰ ਜੋ ਕਹਿੰਦੀ ਹੈ, ਸੱਚ ਉਸ ਦੇ ਉਲਟ ਹੁੰਦਾ ਹੈ। ਬਿਜਲੀ ਬਿੱਲ ਰਾਹੀਂ ਕ੍ਰਾਸ ਸਬਸਿਡੀ ਤੋਂ ਦੂਰ ਕਰਨ ਦਾ ਪ੍ਰਸਤਾਵ ਹੈ। ਕਈ ਸੂਬੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇ ਰਹੇ ਹਨ। ਇਹ ਬਿੱਲ ਇਸ ਨੂੰ ਬਦਲਣਾ ਚਾਹੁੰਦਾ ਹੈ ਅਤੇ ਕਿਸਾਨਾਂ ਨੂੰ ਬਿਜਲੀ ਲਈ ਵੱਧ ਭੁਗਤਾਨ ਕਰਵਾਉਣਾ ਚਾਹੁੰਦਾ ਹੈ।''
ਉਨ੍ਹਾਂ ਨੇ ਅਗਲੇ ਟਵੀਟ 'ਚ ਕਿਹਾ,''ਮੌਜੂਦਾ ਸਮੇਂ ਗਰੀਬ ਪਰਿਵਾਰ ਸਸਤੀ ਦਰਾਂ 'ਤੇ ਭੁਗਤਾਨ ਕਰ ਰਹੇ ਹਨ ਅਤੇ ਇਸ ਦੀ ਲਾਗਤ ਦੀ ਵਸੂਲੀ ਉਦਯੋਗਿਕ/ਵਪਾਰਕ ਉਪਭੋਗਤਾਵਾਂ ਤੋਂ ਕੀਤੀ ਜਾ ਰਹੀ ਹੈ। ਹੁਣ ਭਾਜਪਾ ਚਾਹੁੰਦੀ ਹੈ ਕਿ ਕਿਸਾਨ, ਗਰੀਬ ਲੋਕ ਅਤੇ ਹੋਰ ਘਰੇਲੂ ਉਪਭੋਗਤਾ ਵੀ ਵੱਡੇ ਕਾਰੋਬਾਰੀਆਂ ਦੀ ਤਰ੍ਹਾਂ ਹੀ ਭੁਗਤਾਨ ਕਰਨ।''