ਸੀਲਿੰਗ: ਸਿਆਸੀ ਨੌਟੰਕੀ ਹੈ ਅਰਵਿੰਦ ਕੇਜਰੀਵਾਲ ਦੇ ਭੁੱਖ ਹੜਤਾਲ ਦੀ ਧਮਕੀ
Sunday, Mar 11, 2018 - 11:38 AM (IST)

ਨਵੀਂ ਦਿੱਲੀ— ਕਾਰੋਬਾਰੀ ਅਦਾਰੇ ਦੇ ਖਿਲਾਫ ਸੀਲਿੰਗ ਮੁਹਿੰਮ ਦਾ ਮੁੱਦਾ ਨਹੀਂ ਸੁਲਝਾਏ ਜਾਣ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਕਰਨ ਦੀ ਧਮਕੀ ਨੂੰ ਕਾਰੋਬਾਰੀਆਂ ਦੇ ਸੰਗਠਨ ਸੀ.ਏ.ਆਈ.ਟੀ. ਨੇ 'ਸਿਆਸੀ ਨੌਟੰਕੀ' ਦੱਸਿਆ ਹੈ। ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀ.ਏ.ਆਈ.ਟੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਅਣਗਣਿਤ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ 'ਤੇ ਮੁੱਖ ਮੰਤਰੀ 'ਘੜਿਆਲੀ ਹੰਝੂ' ਵਹਾ ਰਹੇ ਹਨ। ਸੀ.ਏ.ਆਈ.ਟੀ. ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ,''ਭੁੱਖ ਹੜਤਾਲ ਬਾਰੇ ਗੱਲ ਕਰਨ ਦੀ ਬਜਾਏ ਕੇਜਰੀਵਾਲ ਨੂੰ ਈਮਾਨਦਾਰੀ ਨਾਲ ਕਾਰੋਬਾਰੀਆਂ ਲਈ ਕੰਮ ਕਰਨਾ ਚਾਹੀਦਾ ਅਤੇ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ 'ਚ ਸੀਲਿੰਗ 'ਤੇ ਰੋਕ ਲਈ ਬਿੱਲ ਪਾਸ ਕਰਨਾ ਚਾਹੀਦਾ ਅਤੇ ਮਨਜ਼ੂਰੀ ਲਈ ਕੇਂਦਰ ਸਰਕਾਰ ਨੂੰ ਭੇਜਣਾ ਚਾਹੀਦਾ।''
ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਸੀ ਜੇਕਰ ਇਸ ਮਹੀਨੇ ਦੇ ਅੰਤ ਤੱਕ ਰਾਸ਼ਟਰੀ ਰਾਜਧਾਨੀ 'ਚ ਕਾਰੋਬਾਰੀ ਅਦਾਰੇ ਦੇ ਖਿਲਾਫ ਮੌਜੂਦਾ ਸੀਲਿੰਗ ਮੁਹਿੰਮ ਦੇ ਮੁੱਦੇ ਨੂੰ ਨਹੀਂ ਸੁਲਝਾਇਆ ਗਿਆ ਤਾਂ ਉਹ ਭੁੱਖ ਹੜਤਾਲ ਕਰਨਗੇ। ਸੰਗਠਨ ਦਾ ਦੋਸ਼ ਹੈ,''ਦਿੱਲੀ ਦਾ ਕਾਰੋਬਾਰੀ ਭਾਈਚਾਰਾ ਕੇਜਰੀਵਾਲ ਦੇ ਐਲਾਨ ਤੋਂ ਪ੍ਰਭਾਵਿਤ ਨਹੀਂ ਹੈ, ਕਿਉਂਕਿ ਜੋ ਕਰਨ 'ਚ ਉਹ ਸਮਰੱਥ ਹੈ, ਉਹ ਕਰ ਨਹੀਂ ਰਹੇ ਅਤੇ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਰੋਜ਼ੀ-ਰੋਟੀ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨ ਵਾਲੇ ਮੁੱਦੇ 'ਤੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।''