ਪਹਿਲਾਂ ਠੀਕ ਹੋ ਚੁੱਕਾ ਪੁਲਸ ਮੁਲਾਜ਼ਮ ਫਿਰ ਤੋਂ ਕੋਰੋਨਾ ਨਾਲ ਸੰਕ੍ਰਮਿਤ
Thursday, Jul 23, 2020 - 08:01 PM (IST)
ਨਵੀਂ ਦਿੱਲੀ— ਕੋਵਿਡ-19 ਤੋਂ ਠੀਕ ਹੋ ਚੁੱਕੇ ਦਿੱਲੀ ਪੁਲਸ ਦੇ ਇਕ ਮੁਲਾਜ਼ਮ ਦੇ ਫਿਰ ਤੋਂ ਸੰਕ੍ਰਮਿਤ ਹੋ ਜਾਣ 'ਤੇ ਮਾਹਰਾਂ ਅਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਹੈਰਾਨ ਹਨ।
50 ਸਾਲਾ ਪੁਲਸ ਮੁਲਾਜ਼ਮ ਮਈ 'ਚ ਸੰਕ੍ਰਮਿਤ ਪਾਇਆ ਗਿਆ ਸੀ ਅਤੇ 15 ਤੋਂ 22 ਮਈ ਤੱਕ ਇੰਦਰਪ੍ਰਸਤ ਅਪੋਲੋ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ 'ਚ ਸੰਕਰਮਣ ਨਹੀਂ ਮਿਲਿਆ ਸੀ ਅਤੇ ਉਨ੍ਹਾਂ ਨੇ ਵਾਪਸ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਹਾਲਾਂਕਿ, 10 ਜੁਲਾਈ ਨੂੰ ਉਹ ਫਿਰ ਤੋਂ ਬਿਮਾਰ ਹੋ ਗਏ ਅਤੇ ਬੁਖਾਰ ਤੇ ਸੁੱਕੀ ਖੰਘ ਹੋਣ 'ਤੇ ਉਨ੍ਹਾਂ ਨੇ 13 ਜੁਲਾਈ ਨੂੰ ਜਾਂਚ ਕਰਾਈ। ਅਪੋਲੋ ਹਸਪਤਾਲ ਦੇ ਡਾ. ਰਾਜੇਸ਼ ਚਾਵਲਾ ਨੇ ਕਿਹਾ ਕਿ ਐਂਟੀਜਨ ਜਾਂਚ ਅਤੇ ਆਰ. ਟੀ.-ਪੀ. ਸੀ. ਆਰ. ਜਾਂਚ ਦੋਹਾਂ ਤਰ੍ਹਾਂ ਦੀ ਜਾਂਚ 'ਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਡਾ. ਨੇ ਕਿਹਾ ਕਿ ਪੁਲਸ ਵਾਲੇ ਨੂੰ ਹੋਰ ਕੋਈ ਬਿਮਾਰੀ ਨਹੀਂ ਸੀ। ਉਨ੍ਹਾਂ ਨੇ 16 ਜੁਲਾਈ ਨੂੰ ਸੀਨੇ 'ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੈ। ਡਾ. ਨੇ ਕਿਹਾ ਕਿ ਪਹਿਲੀ ਵਾਰ ਜਦੋਂ ਉਹ ਸੰਕ੍ਰਮਿਤ ਹੋਏ ਸਨ ਤਾਂ ਉਨ੍ਹਾਂ 'ਚ ਕੋਈ ਲੱਛਣ ਨਹੀਂ ਸੀ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਨੇ ਦੂਜੀ ਵਾਰ ਐਂਟੀਬਾਡੀ ਦੀ ਵੀ ਜਾਂਚ ਕਰਾਈ ਪਰ ਸਰੀਰ 'ਚ ਐਂਟੀਬਾਡੀ ਨਹੀਂ ਬਣੀ ਸੀ।