ਪੁਲਸ ਮੁਲਾਜ਼ਮ ਵੀ ਹੋ ਰਹੇ ਕੋਰੋਨਾ ਦਾ ਸ਼ਿਕਾਰ, ਇੰਦੌਰ 'ਚ ਇੰਸਪੈਕਟਰ ਦੀ ਮੌਤ

Tuesday, Apr 21, 2020 - 01:31 PM (IST)

ਪੁਲਸ ਮੁਲਾਜ਼ਮ ਵੀ ਹੋ ਰਹੇ ਕੋਰੋਨਾ ਦਾ ਸ਼ਿਕਾਰ, ਇੰਦੌਰ 'ਚ ਇੰਸਪੈਕਟਰ ਦੀ ਮੌਤ

ਇੰਦੌਰ— ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਸਖਤ ਡਿਊਟੀ ਦੇ ਰਹੇ ਪੁਲਸ ਮੁਲਾਜ਼ਮ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਪੁਲਸ ਇੰਸਪੈਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਹ ਇੰਸਪੈਕਟਰ ਉਜੈਨ ਦੇ ਇਕ ਪੁਲਸ ਸਟੇਸ਼ਨ 'ਚ ਤਾਇਨਾਤ ਸੀ ਤੇ ਇਸ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਵੀ ਸ਼ਿਕਾਇਤ ਸੀ। ਬੀਮਾਰ ਹੋਣ ਤੋਂ ਬਾਅਦ ਸ਼ੁਰੂਆਤ 'ਚ ਉਹ ਇੱਥੋਂ ਦੇ ਇਕ ਹਸਪਤਾਲ 'ਚ ਚਾਰ ਦਿਨ ਦਾਖਲ ਰਹੇ, ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਿਛਲੇ ਹਫਤੇ ਵੀ ਇੱਥੋਂ ਦੇ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ।

ਉਜੈਨ ਦੇ ਐਡੀਸ਼ਨਲ ਪੁਲਸ ਸੁਪਰਡੈਂਟ ਰੁਪੇਸ਼ ਕੁਮਾਰ ਦਿਵੇਦੀ ਨੇ ਕਿਹਾ, ''ਸਿਹਤ ਗੰਭੀਰ ਹੋਣ ਤੋਂ ਬਾਅਦ ਇੰਸਪੈਕਟਰ ਨੂੰ 10 ਦਿਨ ਪਹਿਲਾਂ ਹੀ ਇੰਦੌਰ ਸਥਿਤ ਅਰਬਿੰਦੋ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ, ਡਾਕਟਰਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਉਹ ਬਚ ਨਹੀਂ ਸਕੇ'' ਉੱਥੇ ਹੀ, ਅਰਬਿੰਦੋ ਹਸਪਤਾਲ ਦੇ ਡਾ: ਵਿਨੋਦ ਭੰਡਾਰੀ ਨੇ ਦੱਸਿਆ ਕਿ ਮਰੀਜ਼ ਨੂੰ ਸਾਹ ਦੀ ਸਮੱਸਿਆ ਸੀ ਅਤੇ ਮੌਤ ਤੋਂ 48 ਘੰਟੇ ਪਹਿਲਾਂ ਵੈਂਟੀਲੇਟਰ ਦੇ ਸਹਾਰੇ ਸੀ।

ਉਹ ਆਪਣੇ ਪਿੱਛੇ ਪਤਨੀ ਤੇ ਦੋ ਬੇਟੀਆਂ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਨੇੜਲੇ ਧਾਰ ਜ਼ਿਲੇ 'ਚ ਤਹਿਸੀਲਦਾਰ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਉਜੈਨ ਦੀ ਅੰਬਰ ਕਲੋਨੀ 'ਚ ਡਿਊਟੀ ਦੌਰਾਨ ਉਨ੍ਹਾਂ ਨੂੰ ਸੰਕਰਮਣ ਹੋਣ ਦਾ ਸ਼ੱਕ ਹੈ। ਇਹ ਕਲੋਨੀ ਇਕ ਇਕ ਕੰਟੇਨਮੈਂਟ ਜ਼ੋਨ ਹੈ। ਊਜੈਨ ਦੇ ਨੀਲਗੰਗਾ ਥਾਣੇ ਦੇ ਇੰਸਪੈਕਟਰ ਯਸ਼ਵੰਤ ਪਾਲ (59) ਇਕ ਮਹੀਨੇ ਤੋਂ ਜ਼ੁਕਾਮ ਤੇ ਬੁਖਾਰ ਨਾਲ ਪੀੜਤ ਸਨ। ਉਨ੍ਹਾਂ ਦੇ ਸੰਪਰਕ 'ਚ ਆਏ 12 ਪੁਲਸ ਮੁਲਾਜ਼ਮਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ। ਇੰਸਪੈਕਟਰ ਦੀ ਪਤਨੀ ਤੇ ਉਨ੍ਹਾਂ ਦੀਆਂ ਦੋ ਬੇਟੀਆਂ ਨੂੰ ਵੀ ਇਕ ਹੋਟਲ 'ਚ ਕੁਆਰੰਟੀਨ ਕੀਤਾ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੁਲਿਸ ਅਧਿਕਾਰੀ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ। ਇਸ ਤੋਂ ਪਹਿਲਾਂ ਇੰਦੌਰ ਪੁਲਸ ਸਟੇਸ਼ਨ ਦੇ ਇਕ ਇੰਸਪੈਕਟਰ ਦੀ ਸ਼ਨੀਵਾਰ ਰਾਤ ਨੂੰ ਨਿੱਜੀ ਹਸਪਤਾਲ 'ਚ ਮੌਤ ਹੋਈ ਸੀ। ਸਿਹਤ ਅਧਿਕਾਰੀ ਮੁਤਾਬਕ, ਉਹ ਇਲਾਜ ਤੋਂ ਬਾਅਦ ਕੋਵਿਡ-19 ਤੋਂ ਠੀਕ ਹੋ ਗਏ ਸਨ ਅਤੇ ਡਾਕਟਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ 'ਪਲਮਨਰੀ ਐਬੋਲਿਜ਼ਮ' ਕਾਰਨ ਹੋਈ ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਕੋਰੋਨਾ ਵਾਇਰਸ ਕਾਰਨ ਹੀ ਉਹ ਪਲਮਨਰੀ ਐਬੂਲਿਜ਼ਮ ਨਾਲ ਪੀੜਤ ਹੋਏ ਹੋਣਗੇ।


author

Sanjeev

Content Editor

Related News