ਪ੍ਰਯਾਗਰਾਜ ਹਿੰਸਾ ਦੇ ਮਾਸਟਰਮਾਈਂਡ ਜਾਵੇਦ ਪੰਪ ਨੂੰ ਪੁਲਸ ਨੇ ਹਿਰਾਸਤ ''ਚ ਲਿਆ

06/11/2022 1:37:37 PM

ਪ੍ਰਯਾਗਰਾਜ (ਵਾਰਤਾ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਸ਼ਰਾਰਤੀ ਅਨਸਰਾਂ ਦੀ ਹਿੰਸਾ ਦੇ ਮਾਸਟਰਮਾਈਂਡ ਨੂੰ ਪੁਲਸ ਨੇ ਸ਼ਨੀਵਾਰ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਯਾਗਰਾਜ ਦੇ ਸੀਨੀਅਰ ਪੁਲਸ ਸੁਪਰਡੈਂਟ ਅਜੇ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਖੁਲਦਾਬਾਦ ਥਾਣਾ ਖੇਤਰ ਦੇ ਅਟਾਲਾ ਬਾਗ ਇਲਾਕੇ 'ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਹੰਗਾਮਾ ਕਰਨ ਦੀ ਘਟਨਾ ਦੇ 24 ਘੰਟਿਆਂ ਦੇ ਅੰਦਰ ਪੁਲਸ ਨੇ ਜਾਵੇਦ ਦੀ ਪਛਾਣ ਮਾਸਟਰਮਾਈਂਡ ਵਜੋਂ ਕੀਤੀ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਦੀ ਹਿੰਸਾ ਤੋਂ ਬਾਅਦ ਪੁਲਸ ਜਾਂਚ ਵਿਚ ਜਾਵੇਦ ਦਾ ਨਾਂ ਘਟਨਾ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਸੀ। ਕੁਮਾਰ ਨੇ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਾਵੇਦ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਖ਼ਿਲਾਫ਼ ਪਿਛਲੇ ਅੰਦੋਲਨਾਂ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਜਾਵੇਦ ਦਾ ਮੋਬਾਈਲ ਫ਼ੋਨ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ ਜਾਵੇਦ ਦੀ ਧੀ ਉਸ ਨੂੰ ਸਲਾਹ ਦਿੰਦੀ ਹੈ। ਕੁਮਾਰ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਸਲਾਹ ਦੇਣਾ ਕੋਈ ਅਪਰਾਧ ਨਹੀਂ ਹੈ ਪਰ ਜੇਕਰ ਕਾਨੂੰਨੀ ਪ੍ਰਕਿਰਿਆ ਦੇ ਚੱਲਦਿਆਂ ਲੋੜ ਪਈ ਤਾਂ ਜਾਵੇਦ ਦੀਆਂ ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਹੋਰ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੀ ਨਮਾਜ਼ ਦੇ ਸਫ਼ਲਤਾਪੂਰਵਕ ਸਮਾਪਤ ਹੋਣ ਤੋਂ ਬਾਅਦ ਕੁਝ ਲੋਕ ਸੜਕਾਂ 'ਤੇ ਆ ਗਏ ਅਤੇ ਹੰਗਾਮਾ ਕੀਤਾ। ਇਸ ਮਾਮਲੇ ਵਿਚ ਥਾਣਾ ਖੁਲਦਾਬਾਦ 'ਚ 29 ਗੰਭੀਰ ਧਾਰਾਵਾਂ ਵਿਚ 70 ਨਾਮਜ਼ਦ ਅਤੇ 5000 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ 'ਚੋਂ 68 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕੁਮਾਰ ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹਿੰਸਾ ਵਿਚ ਇਨ੍ਹਾਂ ਲੋਕਾਂ ਦੀ ਸ਼ਮੂਲੀਅਤ ਬਾਰੇ ਵੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਬੂਤਾਂ ਦੇ ਆਧਾਰ ’ਤੇ ਹਿੰਸਾ ਵਿਚ ਸ਼ਾਮਲ ਸ਼ੱਕੀ ਮੁਲਜ਼ਮਾਂ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਉਨ੍ਹਾਂ ਖ਼ਿਲਾਫ਼ ਗੈਂਗਸਟਰ ਐਕਟ ਅਤੇ ਕੌਮੀ ਸੁਰੱਖਿਆ ਐਕਟ (ਐੱਨ.ਐੱਸ.ਏ.) ਤਹਿਤ ਕੇਸ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਾਮਜ਼ਦ ਵਿਅਕਤੀਆਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਦਾ ਵੀ ਪਤਾ ਲਗਾ ਕੇ ਉਨ੍ਹਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿਚ ਏ.ਆਈ.ਐੱਮ.ਆਈ.ਐੱਮ. ਸਮੇਤ ਕੁਝ ਹੋਰ ਸੰਗਠਨਾਂ ਨਾਲ ਜੁੜੇ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਕੁਮਾਰ ਨੇ ਕਿਹਾ ਕਿ ਕੱਲ੍ਹ ਦੀ ਗੜਬੜੀ ਤੋਂ ਬਾਅਦ ਇਸ ਸਮੇਂ ਖੁਲਦਾਬਾਦ ਖੇਤਰ ਵਿੱਚ ਸ਼ਾਂਤੀ ਅਤੇ ਵਿਵਸਥਾ ਬਰਕਰਾਰ ਹੈ। ਪੁਲਸ ਅਤੇ ਪ੍ਰਸ਼ਾਸਨ ਇਲਾਕੇ ਦੀ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।


DIsha

Content Editor

Related News