ਕਿਸਾਨਾਂ ਦਾ 'ਦਿੱਲੀ ਚਲੋ ਮਾਰਚ'; ਸਰਹੱਦਾਂ 'ਤੇ ਸਖ਼ਤੀ, ਤਸਵੀਰਾਂ 'ਚ ਵੇਖੋ ਪੁਲਸ ਦੀ ਸਖ਼ਤ ਪਹਿਰੇਦਾਰੀ
Monday, Feb 12, 2024 - 12:33 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ 13 ਫਰਵਰੀ ਨੂੰ ਕਿਸਾਨਾਂ ਦੇ ਪ੍ਰਸਤਾਵਿਤ 'ਦਿੱਲੀ ਚਲੋ' ਮਾਰਚ ਦੇ ਮੱਦੇਨਜ਼ਰ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਅਤੇ ਆਵਾਜਾਈ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਵਾਹਨਾਂ ਨੂੰ ਸ਼ਹਿਰ 'ਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਦੀਆਂ ਸਰਹੱਦਾਂ ਨੂੰ ਸੀਮੈਂਟ ਦੇ ਬੈਰੀਕੇਡ ਅਤੇ ਸੜਕਾਂ 'ਤੇ ਲੋਹੇ ਦੇ ਨੁਕੀਲੇ ਬੈਰੀਕੇਡ ਵਿਛਾ ਕੇ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ। ਇਨ੍ਹਾਂ ਉਪਾਵਾਂ ਨਾਲ ਸੋਮਵਾਰ ਸਵੇਰੇ ਦਿੱਲੀ ਦੇ ਸਰਹੱਦੀ ਖੇਤਰਾਂ 'ਚ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਹੋਈ।
ਇਹ ਵੀ ਪੜ੍ਹੋ- ਕਿਸਾਨਾਂ ਦਾ ਦਿੱਲੀ ਕੂਚ; ਸ਼ੰਭੂ ਬਾਰਡਰ ਸੀਲ, ਪ੍ਰਸ਼ਾਸਨ ਨੇ ਲਾ ਦਿੱਤੇ ਸੀਮੈਂਟ ਦੇ ਵੱਡੇ ਬੈਰੀਕੇਡਜ਼
ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਮੰਨਣ ਲਈ ਕੇਂਦਰ 'ਤੇ ਦਬਾਅ ਬਣਾਉਣ ਲਈ 13 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਜਿਨ੍ਹਾਂ ਸ਼ਰਤਾਂ 'ਤੇ ਕਿਸਾਨ 2021 ਵਿਚ ਆਪਣਾ ਅੰਦੋਲਨ ਵਾਪਸ ਲੈਣ ਲਈ ਸਹਿਮਤ ਹੋਏ, ਉਨ੍ਹਾਂ ਵਿਚੋਂ ਇਕ ਸੀ MSP ਦੀ ਗਰੰਟੀ ਬਾਰੇ ਕਾਨੂੰਨ ਬਣਾਉਣਾ। ਦਿੱਲੀ ਦੇ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੀਆਂ ਸ਼ਹਿਰ ਦੀਆਂ ਸਰਹੱਦਾਂ ਦਾ ਦੌਰਾ ਕੀਤਾ। ਇੱਥੇ ਜਾਰੀ ਐਡਵਾਈਜ਼ਰੀ ਅਨੁਸਾਰ ਸੋਮਵਾਰ ਤੋਂ ਸਿੰਘੂ ਸਰਹੱਦ 'ਤੇ ਵਪਾਰਕ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਿਸਾਨ ਪ੍ਰਦਰਸ਼ਨ; ਦਿੱਲੀ ਦੇ ਕਈ ਇਲਾਕਿਆਂ ਅਤੇ ਸਰਹੱਦਾਂ 'ਤੇ ਧਾਰਾ-144 ਲਾਗੂ
ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲਸ ਨੇ ਸੜਕਾਂ ਨੂੰ ਬੰਦ ਕਰਨ ਲਈ ਕ੍ਰੇਨਾਂ ਅਤੇ ਹੋਰ ਭਾਰੀ ਵਾਹਨਾਂ ਦੀ ਤਾਇਨਾਤੀ ਕਰਦੇ ਹੋਏ 5,000 ਤੋਂ ਵੱਧ ਸੁਰੱਖਿਆ ਕਾਮੇ ਤਾਇਨਾਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਦਾਖਲ ਹੋਣ ਤੋਂ ਰੋਕਣ ਲਈ ਕਈ ਸੁਰੱਖਿਆ ਬੈਰੀਕੇਡਜ਼ ਲਾਏ ਗਏ ਹਨ। ਸੜਕਾਂ 'ਤੇ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ, ਤਾਂ ਜੋ ਜੇਕਰ ਧਰਨਾਕਾਰੀ ਕਿਸਾਨ ਵਾਹਨਾਂ 'ਤੇ ਸ਼ਹਿਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੇ ਵਾਹਨਾਂ ਦੇ ਟਾਇਰ ਪੰਕਚਰ ਹੋ ਜਾਣ। ਇਸ ਦੌਰਾਨ ਉੱਤਰ-ਪੂਰਬੀ ਦਿੱਲੀ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੌਜਦਾਰੀ ਜ਼ਾਬਤਾ (ਸੀ. ਆਰ. ਪੀ. ਸੀ) ਦੀ ਧਾਰਾ 144 ਲਾਗੂ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8