ਪੁਲਸ ਨੇ ਬਦਲਵਾਇਆ ਵੀ. ਕੇ. ਜੈਨ ਦਾ ਬਿਆਨ : ਸੰਜੇ ਸਿੰਘ

02/22/2018 9:45:16 PM

ਨਵੀਂ ਦਿੱਲੀ— ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਮਾਰਕੁੱਟ ਅਤੇ ਬਦਸਲੂਕੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 'ਆਪ' ਪਾਰਟੀ ਦੇ ਦੋਵੇਂ ਵਿਧਾਇਕਾਂ ਦੀ ਜ਼ਮਾਨਤ ਅਦਾਲਤ ਵਲੋਂ ਰੱਦ ਕੀਤੀ ਗਈ। ਜਿਸ ਤੋਂ ਬਾਅਦ ਪਾਰਟੀ ਵਲੋਂ ਦੋਸ਼ ਲਾਇਆ ਗਿਆ ਹੈ ਕਿ ਦਿੱਲੀ ਦੀ ਸਰਕਾਰ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
'ਆਪ' ਦੇ ਸੀਨੀਅਰ ਪਾਰਟੀ ਲੀਡਰ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਵੀਕੇ ਜੈਨ 'ਤੇ ਦਬਾਅ ਪਾ ਕੇ ਬਿਆਨ ਬਦਲਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੀ. ਕੇ. ਜੈਨ 'ਤੇ ਪੁਲਸ ਵਲੋਂ ਦਬਾਅ ਪਾ ਕੇ ਉਸ ਦਾ ਬਿਆਨ ਬਦਲਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੀ. ਕੇ. ਜੈਨ. ਵਲੋਂ ਦਿੱਤਾ ਗਿਆ ਪਹਿਲਾ ਬਿਆਨ ਉਸ ਦੇ ਦੂਜੇ ਬਿਆਨ ਤੋਂ ਵੱਖਰਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਦਿੱਲੀ 'ਚ ਆਪ ਦੀ ਸਰਕਾਰ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀ. ਕੇ. ਜੈਨ (ਸੇਵਾਮੁਕਤ ਆਈ. ਏ. ਐਸ.) ਦਿੱਲੀ ਦੇ ਮੁੱਖ ਮੰਤਰੀ ਦੇ ਸਲਾਹਕਾਰ ਹਨ, ਜਿਨ੍ਹਾਂ ਤੋਂ ਬੁੱਧਵਾਰ ਪੁਲਸ ਨੇ ਪੁੱਛਗਿੱਛ ਕੀਤੀ ਸੀ। ਪੁਲਸ ਨੇ ਉਨ੍ਹਾਂ ਨੂੰ ਬੁੱਧਵਾਰ ਆਪਣੇ ਨਿਵਾਸ 'ਤੇ ਪੁੱਛਗਿੱਛ ਲਈ ਬੁਲਾਇਆ ਸੀ। ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਆਪਣੀ ਸ਼ਿਕਾਇਤ 'ਚ ਜੈਨ ਦੇ ਨਾਂ ਦਾ ਜ਼ਿਕਰ ਕੀਤਾ ਸੀ।
ਜੈਨ ਨੇ ਪੁਲਸ ਸਾਹਮਣੇ ਸਵੀਕਾਰ ਕੀਤਾ ਸੀ ਕਿ ਉਸ ਦੇ ਸਾਹਮਣੇ ਹਮਲੇ ਦੀ ਘਟਨਾ ਹੋਈ ਸੀ। ਹਾਲਾਂਕਿ ਪੁਲਸ ਵਲੋਂ ਸਰਕਾਰੀ ਵਕੀਲ ਨੇ ਅੱਜ ਜੈਨ ਵਲੋਂ ਦਿੱਤੇ ਗਏ ਬਿਆਨ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਅਤੇ ਕਿਹਾ ਕਿ ਸਾਡੇ ਕੋਲ ਵੀ. ਕੇ. ਜੈਨ ਦਾ 164 ਦਾ ਬਿਆਨ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੂੰ ਪ੍ਰਕਾਸ਼ ਜਰਵਾਲ ਅਤੇ ਅਮਾਨਤੁੱਲਾ ਖਾਨ ਨੇ ਘੇਰਿਆ ਹੋਇਆ ਸੀ। ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਉਸ ਦੌਰਾਨ ਮੁੱਖ ਸਕੱਤਰ ਦੀ ਐਨਕ ਵੀ ਡਿੱਗ ਗਈ ਸੀ।
ਆਪ ਦੇ ਦੋਵੇਂ ਵਿਧਾਇਕਾਂ ਅਮਾਨਤੁੱਲਾ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਜ਼ਮਾਨਤ ਅਰਜ਼ੀ ਨੂੰ 30 ਹਜ਼ਾਰੀ ਕੋਰਟ ਨੇ ਠੁਕਰਾ ਦਿੱਤਾ ਅਤੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਭੇਜ ਦਿੱਤਾ, ਹਾਲਾਂਕਿ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗੀ।
  


Related News