ਵੱਡੀ ਖ਼ਬਰ ; ਸੁੱਤੀ ਪਈ ਕੁੜੀ ਨਾਲ ਕੀਤੀ ਗੰਦੀ ਕਰਤੂਤ, ਪੁਲਸ ਨੇ 24 ਘੰਟਿਆਂ 'ਚ ਕਰ'ਤਾ ਢੇਰ
Friday, Jun 06, 2025 - 11:11 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੇ ਦਿਨ ਇਕ ਨੌਜਵਾਨ ਨੇ ਰਾਜਧਾਨੀ ਲਖਨਊ ਦੇ ਆਲਮਬਾਗ ਇਲਾਕੇ ਵਿੱਚ ਇਕ ਢਾਈ ਸਾਲਾ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ ਤੇ ਇਸ ਮਗਰੋਂ ਉਹ ਫਰਾਰ ਹੋ ਗਿਆ ਸੀ। ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕੇਂਦਰੀ) ਆਸ਼ੀਸ਼ ਸ਼੍ਰੀਵਾਸਤਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਐਸ਼ਬਾਗ ਇਲਾਕੇ ਦੇ ਰਹਿਣ ਵਾਲੇ ਦੀਪਕ ਵਰਮਾ ਨੇ 4 ਅਤੇ 5 ਜੂਨ ਦੀ ਰਾਤ ਨੂੰ ਇੱਕ ਮਾਸੂਮ ਬੱਚੀ ਨਾਲ ਗੰਦੀ ਹਰਕਤ ਕੀਤੀ ਸੀ। ਉਸ ਨੇ ਇਹ ਮਾੜੀ ਕਰਤੂਤ ਉਸ ਵੇਲੇ ਕੀਤੀ, ਜਦੋਂ ਬੱਚੀ ਆਲਮਬਾਗ ਮੈਟਰੋ ਸਟੇਸ਼ਨ ਦੇ ਹੇਠਾਂ ਆਪਣੇ ਮਾਪਿਆਂ ਨਾਲ ਸੌਂ ਰਹੀ ਸੀ। ਇਸ ਦੌਰਾਨ ਮੁਲਜ਼ਮ ਇੱਕ ਚਿੱਟੇ ਰੰਗ ਦੀ ਸਕੂਟਰੀ 'ਤੇ ਆਇਆ ਅਤੇ ਚੁੱਪ-ਚਾਪ ਮਾਸੂਮ ਬੱਚੀ ਨੂੰ ਚੁੱਕ ਕੇ ਲੈ ਗਿਆ।
ਇਹ ਵੀ ਪੜ੍ਹੋ- ਵਿਕਟਰੀ ਪਰੇਡ ਦੌਰਾਨ ਭਾਜੜ ਦੇ ਮਾਮਲੇ 'ਚ RCB ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ
ਉਸ ਨੇ ਮੈਟਰੋ ਸਟੇਸ਼ਨ ਦੇ ਨੇੜੇ ਹੀ ਉਸ ਨਾਲ ਜਬਰ-ਜਨਾਹ ਕੀਤਾ ਅਤੇ ਬੱਚੀ ਨੂੰ ਖੂਨ ਨਾਲ ਲੱਥਪਥ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਿਆ। ਪੀੜਤ ਬੱਚੀ ਨੂੰ ਲੋਕਬੰਧੂ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਸ਼੍ਰੀਵਾਸਤਵ ਨੇ ਅੱਗੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੀ ਪਛਾਣ ਕਰਨ ਲਈ ਮੈਟਰੋ ਸਟੇਸ਼ਨ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਲਈ ਅਤੇ ਸਕੂਟਰੀ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਉਸ ਦਾ ਪਤਾ ਲਗਾਇਆ।
ਪੁਲਸ ਨੂੰ ਦੇਰ ਰਾਤ ਪਤਾ ਲੱਗਾ ਕਿ ਮੁਲਜ਼ਮ ਐਸ਼ਬਾਗ ਦਾ ਰਹਿਣ ਵਾਲਾ ਹੈ ਅਤੇ ਪੁਲਸ ਤੋਂ ਬਚ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ 'ਤੇ ਪੁਲਸ ਟੀਮ ਨੇ ਉਸ ਨੂੰ ਘੇਰ ਲਿਆ, ਪਰ ਮੁਲਜ਼ਮ ਨੇ ਗੋਲੀਬਾਰੀ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਵਿੱਚ ਦੀਪਕ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਸ਼੍ਰੀਵਾਸਤਵ ਨੇ ਅੱਗੇ ਦੱਸਿਆ ਕਿ ਮੁਲਜ਼ਮ ਰੇਲਵੇ ਵਿੱਚ ਪਾਣੀ ਦੀਆਂ ਬੋਤਲਾਂ ਵੇਚਦਾ ਸੀ। ਉਸ ਨੇ ਕੁਝ ਸਮੇਂ ਲਈ ਜਾਗਰਣ ਆਦਿ ਵਿੱਚ ਝਾਂਕੀਆਂ ਸਜਾਉਣ ਦਾ ਵੀ ਕੰਮ ਕੀਤਾ ਸੀ। ਮੁਲਜ਼ਮ ਵਿਰੁੱਧ ਪਹਿਲਾਂ ਵੀ ਅਪਰਾਧਿਕ ਮਾਮਲਾ ਦਰਜ ਹੈ। ਸੂਤਰਾਂ ਨੇ ਦੱਸਿਆ ਕਿ ਪੀੜਤਾ ਬੱਚੀ ਅਤੇ ਉਸ ਦੇ ਮਾਤਾ-ਪਿਤਾ ਉਨਾਵ ਦੇ ਰਹਿਣ ਵਾਲੇ ਹਨ ਜੋ ਇੱਥੇ ਕੂੜਾ ਚੁੱਕਣ ਦਾ ਕੰਮ ਕਰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e