ਭਾਸ਼ਾ ਵਿਵਾਦ ਦਰਮਿਆਨ PM ਮੋਦੀ ਦਾ ਮੁੱਖ ਮੰਤਰੀ ਸਟਾਲਿਨ ’ਤੇ ਨਿਸ਼ਾਨਾ

Sunday, Apr 06, 2025 - 09:04 PM (IST)

ਭਾਸ਼ਾ ਵਿਵਾਦ ਦਰਮਿਆਨ PM ਮੋਦੀ ਦਾ ਮੁੱਖ ਮੰਤਰੀ ਸਟਾਲਿਨ ’ਤੇ ਨਿਸ਼ਾਨਾ

ਰਾਮੇਸ਼ਵਰਮ (ਤਾਮਿਲਨਾਡੂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਸ਼ਾ ਵਿਵਾਦ ਨੂੰ ਤੂਲ ਦੇਣ ਲਈ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਉਨ੍ਹਾਂ ਦੀ ਪਾਰਟੀ ਡੀ. ਐੱਮ. ਕੇ. ’ਤੇ ਨਿਸ਼ਾਨਾ ਵਿੰਨ੍ਹਿਆ।

ਮੋਦੀ ਨੇ ਸਟਾਲਿਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, “ਤਾਮਿਲਨਾਡੂ ਦੇ ਮੁੱਖ ਮੰਤਰੀ ਤਾਮਿਲ ਭਾਸ਼ਾ ਨੂੰ ਲੈ ਕੇ ਮਾਣ ਦੀ ਗੱਲ ਕਰਦੇ ਹਨ ਪਰ ਮੈਨੂੰ ਲਿਖੇ ਗਏ ਉਨ੍ਹਾਂ ਦੇ ਪੱਤਰ ਅਤੇ ਉਸ ’ਚ ਦਸਤਖਤ ਅੰਗਰੇਜ਼ੀ ’ਚ ਹੀ ਹੁੰਦੇ ਹਨ।”

ਪੀ. ਐੱਮ. ਨੇ ਸਵਾਲ ਕੀਤਾ, “ਉਹ ਤਾਮਿਲ ਭਾਸ਼ਾ ਦੀ ਵਰਤੋਂ ਕਿਉਂ ਨਹੀਂ ਕਰਦੇ ਹਨ? ਉਨ੍ਹਾਂ ਦਾ ਤਾਮਿਲ ਨੂੰ ਲੈ ਕੇ ਮਾਣ ਕਿੱਥੇ ਚਲਾ ਜਾਂਦਾ ਹੈ?”

ਪ੍ਰਧਾਨ ਮੰਤਰੀ ਨੇ ਤਾਮਿਲ ਭਾਸ਼ਾ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਭਾਸ਼ਾ ਨੂੰ ਪੂਰੀ ਦੁਨੀਆ ਭਰ ’ਚ ਲਿਜਾਣ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੇ ਤਾਮਿਲਨਾਡੂ ਸਰਕਾਰ ਨੂੰ ਗਰੀਬਾਂ ਨੂੰ ਲਾਭ ਪਹੁੰਚਾਉਣ ਲਈ ਤਾਮਿਲ ਮਾਧਿਅਮ ’ਚ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਲਈ ਕਿਹਾ। ਰਾਮਨੌਮੀ ਦੇ ਮੌਕੇ ’ਤੇ 8,300 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਣ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਕਿਹਾ ਕਿ ਭਗਵਾਨ ਰਾਮ ਦਾ ਸੁਸ਼ਾਸਨ ਰਾਸ਼ਟਰ ਨਿਰਮਾਣ ਦੀ ਨੀਂਹ ਹੈ।


author

Rakesh

Content Editor

Related News