ਪ੍ਰਧਾਨ ਮੰਤਰੀ ਮੋਦੀ ਦੇ ਕਾਫਿਲੇ ''ਤੇ ਹਮਲੇ ਦਾ ਖਦਸ਼ਾ!

02/26/2017 10:37:42 PM

ਲਖਨਊ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਮਵਾਰ ਨੂੰ ਮਾਊ ''ਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਇਸ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਅੱਤਵਾਦੀਆਂ ਕੋਲੋਂ ਖਤਰਾ ਦੱਸਿਆ ਗਿਆ ਹੈ। ਪੀ. ਐੱਮ. ''ਤੇ ਰਾਕੇਟ ਲਾਂਚਰ ਅਤੇ ਧਮਾਕਿਆਂ ਨਾਲ ਭਰੇ ਵਾਹਨਾਂ ਰਾਹੀਂ ਹਮਲੇ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਖੁਫੀਆ ਏਜੰਸੀਆਂ ਦੀ ਸੂਚਨਾ ਤੋਂ ਬਾਅਦ ਪੁਲਸ ਹਾਈ ਅਲਰਟ ''ਤੇ ਹੈ। ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਦੇਖਦਿਆਂ ਮਾਊ ''ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

ਮਾਊ ਦੇ ਐਡੀਸ਼ਨਲ ਐੱਸ. ਪੀ. ਆਰ. ਕੇ. ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਹਰੇਨ ਪਾਂਡਿਆ ਦੀ ਹੱਤਿਆ ਦੇ ਦੋਸ਼ੀ ਰਸੂਲ ਪਾਟੀ ਤੇ ਉਸ ਦੇ ਦੋ ਸਾਥੀ ਪੀ. ਐੱਮ. ''ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖੁਫੀਆ ਏਜੰਸੀਆਂ ਦੀ ਸੂਚਨਾ ''ਤੇ ਰੈਲੀ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ।

ਦੂਜੇ ਪਾਸੇ ਸੂਬੇ ਦੇ ਡੀ. ਜੀ. ਪੀ. ਦਲਜੀਤ ਸਿੰਘ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਫਿਲੇ ''ਤੇ ਹਮਲੇ ਹੋਣ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਐਡੀਸ਼ਨਲ ਐੱਸ. ਪੀ. ਨੇ ਜੋ ਵੀ ਕਿਹਾ ਹੈ, ਉਹ ਰੈਲੀ ਦੌਰਾਨ ਸੁਰੱਖਿਆ ਵਿਵਸਥਾ ''ਚ ਤਾਇਨਾਤ ਕੀਤੇ ਗਏ ਪੁਲਸ ਮੁਲਾਜ਼ਮਾਂ ਨੂੰ ਹਰ ਤਰ੍ਹਾਂ ਦੇ ਖਤਰੇ ਤੋਂ ਸਾਵਧਾਨ ਕਰਨ ਦੀ ਰੋਜ਼ਨਾ ਪ੍ਰਕਿਰਿਆ ਦਾ ਹਿੱਸਾ ਹੈ।


Related News