ਛੋਟੀ ਉਮਰੇ ਵੱਡਾ ਕਾਰਨਾਮਾ ! 6 ਸਾਲਾ ਵਿਧੁਤ ਨੇ 99 ਰੂਬਿਕ ਕਿਊਬਜ਼ ਨਾਲ ਬਣਾ'ਤੀ PM ਮੋਦੀ ਦੀ ਤਸਵੀਰ

Saturday, Jun 28, 2025 - 02:58 PM (IST)

ਛੋਟੀ ਉਮਰੇ ਵੱਡਾ ਕਾਰਨਾਮਾ ! 6 ਸਾਲਾ ਵਿਧੁਤ ਨੇ 99 ਰੂਬਿਕ ਕਿਊਬਜ਼ ਨਾਲ ਬਣਾ'ਤੀ PM ਮੋਦੀ ਦੀ ਤਸਵੀਰ

ਨੈਸ਼ਨਲ ਡੈਸਕ- ਤੇਲੰਗਾਨਾ ਦੇ ਕਰੀਮਨਗਰ ਸ਼ਹਿਰ ਤੋਂ ਇਕ 6 ਸਾਲਾ ਬੱਚਾ ਵਿਧਤ ਆਪਣੇ ਅਸਾਧਾਰਣ ਕਲਾਤਮਕ ਹੁਨਰ ਕਾਰਨ ਚਰਚਾ ਦਾ ਕੇਂਦਰ ਬਣ ਗਿਆ ਹੈ। ਵਿਧਤ ਨੇ ਕੇਵਲ 20 ਮਿੰਟਾਂ 'ਚ 99 ਰੂਬਿਕ ਕਿਊਬ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਨਦਾਰ ਪੋਰਟਰੇਟ ਤਿਆਰ ਕਰ ਦਿੱਤੀ। ਇਹ ਕਲਾ ਕਈ ਪੇਸ਼ਾਵਰ ਕਲਾਕਾਰਾਂ ਲਈ ਵੀ ਚੁਣੌਤੀ ਭਰੀ ਹੁੰਦੀ ਹੈ ਪਰ ਵਿਧਤ ਨੇ ਇਹ ਕਾਰਨਾਮਾ ਬਹੁਤ ਹੀ ਛੋਟੀ ਉਮਰ 'ਚ ਕਰ ਦਿਖਾਇਆ।

ਮਾਤਾ-ਪਿਤਾ ਤੋਂ ਮਿਲੀ ਪ੍ਰੇਰਣਾ ਅਤੇ ਸਹਿਯੋਗ

ਵਿਧਤ ਜੋ ਸੁਜਾਥਾ ਅਤੇ ਨਿਥਿਨ ਰੈੱਡੀ ਦਾ ਪੁੱਤਰ ਹੈ, ਨੇ ਰੂਬਿਕ ਕਿਊਬ ਨਾਲ ਆਪਣਾ ਸਫ਼ਰ 3 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ। ਸ਼ੁਰੂ 'ਚ ਉਹ ਆਪਣੇ ਮਾਪਿਆਂ ਦੀਆਂ ਤਸਵੀਰਾਂ ਬਣਾਉਂਦਾ ਸੀ ਪਰ ਹੁਣ ਉਹ ਪ੍ਰਧਾਨ ਮੰਤਰੀ ਮੋਦੀ, ਪਵਨ ਕਲਿਆਣ ਵਰਗੀਆਂ ਹਸਤੀਆਂ ਦੀਆਂ ਤਸਵੀਰਾਂ ਵੀ ਕਿਊਬਾਂ ਰਾਹੀਂ ਬਣਾਉਂਦਾ ਹੈ। ਉਹ ਆਨਲਾਈਨ ਟ੍ਰੇਨਿੰਗ ਰਾਹੀਂ ਆਪਣਾ ਹੁਨਰ ਨਿਖਾਰ ਰਿਹਾ ਹੈ ਅਤੇ ਹੁਣ ਉਸ ਦੇ ਮਾਪੇ ਉਸ ਨੂੰ ਹੈਦਰਾਬਾਦ 'ਚ ਐਡਵਾਂਸ ਟ੍ਰੇਨਿੰਗ ਦੇਣ ਦੀ ਯੋਜਨਾ 'ਚ ਹਨ।

ਕਈ ਮੁਕਾਬਲਿਆਂ 'ਚ ਹਿੱਸਾ ਲੈ ਚੁੱਕਾ ਹੈ ਵਿਧਤ

ਵਿਧਤ ਹੁਣ ਤੱਕ "ਤੇਲੰਗਾਨਾ ਕਿਊਬ ਚੈਂਪੀਅਨਸ਼ਿਪ 2024" ਅਤੇ "DC ਓਪਨ ਜੁਲਾਈ ਹੈਦਰਾਬਾਦ 2024" ਵਰਗੇ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕਾ ਹੈ, ਜਿੱਥੇ ਉਸ ਨੇ 2x2x2 ਅਤੇ 3x3x3 ਕਿਊਬ ਨੂੰ ਸੁਲਝਾਉਣ ਦੀ ਆਪਣੀ ਮਹਾਰਤ ਦਰਸਾਈ।

ਮਾਪਿਆਂ ਦੀ ਉਮੀਦ

ਉਸ ਦੇ ਮਾਪੇ ਦੱਸਦੇ ਹਨ ਕਿ ਉਸ ਦੀ ਕਲਾ ਦੇਖ ਕੇ ਅਜੇ ਵੀ ਅਸੀਂ ਹੈਰਾਨ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਇਕ ਵਿਸ਼ਵ ਰਿਕਾਰਡ ਸੈੱਟ ਕਰੇ ਅਤੇ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ। ਇਸ ਤਰ੍ਹਾਂ ਇਕ ਛੋਟੇ ਉਮਰ ਦੇ ਬੱਚੇ ਨੇ ਰੂਬਿਕ ਕਿਊਬ ਰਾਹੀਂ ਆਪਣੀ ਕਲਾ ਦੀ ਵਿਲੱਖਣ ਝਲਕ ਪੇਸ਼ ਕਰਕੇ ਨਾ ਸਿਰਫ਼ ਆਪਣਾ ਪਰਿਵਾਰ ਸਗੋਂ ਪੂਰੇ ਸੂਬੇ ਨੂੰ ਮਾਣ ਮਹਿਸੂਸ ਕਰਾਇਆ ਹੈ।
 


author

Tanu

Content Editor

Related News