ਮੁੱਖ ਮੰਤਰੀਆਂ ਨਾਲ ਬੈਠਕ ’ਚ ਬੋਲੇ PM ਮੋਦੀ- ਦਵਾਈ ਨਾਲ ਸਖ਼ਤੀ ਵੀ ਜ਼ਰੂਰੀ, ਦਿੱਤੇ 5 ਵੱਡੇ ਮੰਤਰ

Wednesday, Mar 17, 2021 - 03:13 PM (IST)

ਮੁੱਖ ਮੰਤਰੀਆਂ ਨਾਲ ਬੈਠਕ ’ਚ ਬੋਲੇ PM ਮੋਦੀ- ਦਵਾਈ ਨਾਲ ਸਖ਼ਤੀ ਵੀ ਜ਼ਰੂਰੀ, ਦਿੱਤੇ 5 ਵੱਡੇ ਮੰਤਰ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਤੀਨਿਧੀਆਂ ਨਾਲ ਕੋਰੋਨਾ ਦੇ ਵਧਦੇ ਕਹਿਰ ਨੂੰ ਲੈ ਕੇ ਬੈਠਕ ਕੀਤੀ। ਪੀ.ਐੱਮ. ਮੋਦੀ ਨੇ ਸਾਰੇ ਰਾਜਾਂ ਨੂੰ ਹੁਕਮ ਦਿੱਤਾ ਹੈ ਕਿ ਇਕ ਵਾਰ ਫਿਰ ਟੈਸਟਿੰਗ, ਟ੍ਰੈਕਿੰਗ ਅਤੇ ਇਲਾਜ ’ਤੇ ਜ਼ੋਰ ਦੇਣ ਦੀ ਲੋੜ ਹੈ। ਮਹਾਰਾਸ਼ਟਰ, ਪੰਜਾਬ, ਕੇਰਲ ਵਰਗੇ ਰਾਜਾਂ ’ਚ ਵਧ ਰਹੇ ਮਾਮਲਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੰਤਾ ਜ਼ਾਹਰ ਕੀਤੀ ਹੈ। 

ਦੂਜੀ ਲਹਿਰ ਨੂੰ ਛੇਤੀ ਰੋਕਣਾ ਜ਼ਰੂਰੀ
ਕੋਰੋਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ’ਚ ਕਿਹਾ ਕਿ ਦੁਨੀਆ ’ਚ ਕਈ ਕੋਰੋਨਾ ਪ੍ਰਭਾਵਿਤ ਦੇਸ਼ ਅਜਿਹੇ ਹਨ ਜਿਥੇ ਕੋਰੋਨਾ ਦੀਆਂ ਕਈ ਲਹਿਰਾਂ ਆਈਆਂ ਹਨ। ਸਾਡੇ ਇਥੇ ਵੀ ਕੁਝ ਰਾਜਾਂ ’ਚ ਅਚਾਨਕ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਮਹਾਰਾਸ਼ਟਰ, ਮੱਧ-ਪ੍ਰਦੇਸ਼ ਵਰਗੇ ਰਾਜਾਂ ’ਚ ਪਾਜ਼ੇਟਿਵ ਰੇਟ ਕਾਫੀ ਵਧਿਆ ਹੈ। ਮੋਦੀ ਨੇ ਕਿਹਾ ਕਿ ਜੇਕਰ ਕੋਰੋਨਾ ਦੀ ਇਸ ਲਹਿਰ ਨੂੰ ਇਥੇ ਨਹੀਂ ਰੋਕਿਆ ਗਿਆ ਤਾਂ ਦੇਸ਼ ਵਿਆਪੀ ਅਸਰ ਵੇਖਣ ਨੂੰ ਮਿਲ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਨਤਾ ਨੂੰ ਪੈਨਿਕ ਮੋਡ ’ਚ ਨਹੀਂ ਲਿਆਉਣਾ। ਡਰ ਦਾ ਮਾਹੌਲ ਨਹੀਂ ਬਣਾਉਣਾ। ਸਾਨੂੰ ਜਨਤਾ ਨੂੰ ਪਰੇਸ਼ਾਨੀ ਤੋਂ ਮੁਕਤੀ ਦਿਵਾਉਣੀ ਹੈ ਅਤੇ ਪੁਰਾਣੇ ਨਿਯਮਾਂ ਨੂੰ ਮੁੜ ਇਸਤੇਮਾਲ ’ਚ ਲਿਆਉਣਾ ਹੋਵੇਗਾ। 

‘ਟੈਸਟਿੰਗ ਵਧਾਓ, ਪਿੰਡਾਂ ਨੂੰ ਬਚਾਉਣਾ ਜ਼ਰੂਰੀ’
ਮੁੱਖ ਮੰਤਰੀਆਂ ਨਾਲ ਬੈਠਕ ’ਚ ਪੀ.ਐੱਮ. ਮੋਦੀ ਨੇ ਕਿਹਾ ਕਿ ਟੈਸਟ-ਟ੍ਰੈਕ ਅਤੇ ਇਲਾਜ ਨੂੰ ਫਿਰ ਤੋਂ ਗੰਭੀਰਤਾ ਨਾਲ ਲੈਣਾ ਹੋਵੇਗਾ। ਟੈਸਟਿੰਗ ਨੂੰ ਵਧਾਉਣਾ ਹੋਵੇਗਾ, RT-PCR ਟੈਸਟ ਦੀ ਗਿਣਤੀ 70 ਫੀਸਦੀ ਤੋਂ ਉਪਰ ਲਿਆਉਣੀ ਹੋਵੇਗੀ। ਕੇਰਲ-ਯੂ.ਪੀ.-ਛੱਤੀਸਗੜ੍ਹ ’ਚ ਰੈਪਿਡ ਟੈਸਟਿੰਗ ਹੀ ਕੀਤੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟਿਅਰ 2 ਅਤੇ ਟਿਅਰ 3 ਸ਼ਹਿਰਾਂ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਜੇਕਰ ਇਨ੍ਹਾਂ ਨੂੰ ਨਹੀਂ ਰੋਕਿਆ ਤਾਂ ਪਿੰਡਾਂ ’ਚ ਮਾਮਲੇ ਵਧ ਸਕਦੇ ਹਨ ਅਤੇ ਫਿਰ ਕੋਰੋਨਾ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। 

ਵੈਕਸੀਨੇਸ਼ਨ ’ਤੇ ਵੀ ਦਿੱਤਾ ਜਾਵੇ ਧਿਆਨ
ਸੰਬੋਧਨ ’ਚ ਪੀ.ਐੱਮ. ਮੋਦੀ ਨੇ ਕਿਹਾ ਕਿ ਵੈਕਸੀਨੇਸ਼ਨ ਦੀ ਰਫਤਾਰ ਤੇਜ਼ ਹੋਣੀ ਚਾਹੀਦੀ ਹੈ। ਤੇਲੰਗਾਨਾ, ਆਂਧਰਾ-ਪ੍ਰਦੇਸ਼, ਯੂ.ਪੀ. ’ਚ ਵੈਕਸੀਨ ਟੈਸਟ ਦਾ ਅੰਕੜਾ 10 ਫੀਸਦੀ ਤਕ ਪਹੁੰਚਿਆ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਦੇਸ਼ ’ਚ ਅਸੀਂ ਕਰੀਬ 30 ਲੱਖ ਵੈਕਸੀਨ ਰੋਜ਼ ਲਗਾ ਸਕੇ ਹਾਂ, ਅਜਿਹੇ ’ਚ ਇਸੇ ਰਫਤਾਰ ਨੂੰ ਵਧਾਉਣਾ ਹੋਵੇਗਾ ਇਸ ਲਈਵੈਕਸੀਨ ਵੇਸਟੇਜ ਨੂੰ ਰੋਕਣਾ ਹੋਵੇਗਾ। 

ਪੀ.ਐੱਮ. ਮੋਦੀ ਨੇ ਰਾਜਾਂ ਨੂੰ ਦਿੱਤੇ ਇਹ 5 ਮੰਤਰ
1. ‘ਦਵਾਈ ਵੀ-ਸਖ਼ਤੀ ਵੀ’ ਦਾ ਪਾਲਨ ਕਰਨਾ ਹੋਵੇਗਾ।
2. RT-PCR ਟੈਸਟਿੰਗ ਨੂੰ ਵਧਾਉਣਾ ਹੋਵੇਗਾ।
3. ਮਾਈਕ੍ਰੋ-ਕੰਟੇਨਮੈਂਟ ਜ਼ੋਨ ਬਣਾਉਣ ’ਤੇ ਜ਼ੋਰ ਦਿੱਤਾ ਜਾਵੇ। 
4. ਵੈਕਸੀਨ ਲਗਾਉਣ ਵਾਲੇ ਕੇਂਦਰਾਂ ਦੀ ਗਿਣਤੀ ਵਧਾਈ ਜਾਵੇ, ਸਰਕਾਰੀ- ਪ੍ਰਾਈਵੇਟ ਕਿਸੇ ’ਚ ਵੀ ਵੈਕਸੀਨ ਲਗਾਉਣ ਦੀ ਸਹੂਲਤ ਹੋਵੇ। 
5. ਵੈਕਸੀਨ ਦੀ ਐਕਸਪਾਇਰੀ ਤਾਰੀਖ਼ ਦਾ ਵੀ ਧਿਆਨ ਰੱਖਣਾ ਹੋਵੇਗਾ। 

ਦੱਸ ਦੇਈਏ ਕਿ ਦੇਸ਼ ’ਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਰੋਜ਼ਾਨਾ 20 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ, ਗੁਜਰਾਤ, ਕੇਰਲ, ਪੰਜਾਬ ਅਤੇ ਕਰਨਾਟਕ ਅਜਿਹੇ ਰਾਜ ਹਨ ਜਿਥੇ ਤਾਜਾ ਮਾਮਲਿਆਂ ਦੇ ਕਰੀਬ 75 ਫੀਸਦੀ ਮਾਮਲੇ ਸਾਹਮਣੇ ਆ ਰਹੇ ਹਨ। ਇਹੀ ਕਾਰਨ ਹੈ ਕਿ ਪੀ.ਐੱਮ. ਮੋਦੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਈ ਸੀ। 

ਬੁੱਧਵਾਰ ਨੂੰ ਹੋਈ ਇਸ ਬੈਠਕ ’ਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਸ਼ਾਮਲ ਨਹੀਂ ਹੋ ਸਕੇ। ਇਨ੍ਹਾਂ ਸਾਰੇ ਮੁੱਖ ਮੰਤਰੀਆਂ ਨੇ ਆਪਣੀ ਪ੍ਰਤੀਨਿਧੀਆਂ ਨੂੰ ਬੈਠਕ ’ਚ ਭੇਜਿਆ। 


author

Rakesh

Content Editor

Related News