ਅਮਰੀਕਾ ਪੁੱਜੇ PM ਮੋਦੀ, ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ

Saturday, Sep 21, 2024 - 09:36 PM (IST)

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਦੌਰੇ 'ਤੇ ਅਮਰੀਕਾ ਪਹੁੰਚ ਗਏ ਹਨ। ਪੀ.ਐੱਮ. ਮੋਦੀ ਦਾ ਅਮਰੀਕਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪੀ.ਐੱਮ. ਮੋਦੀ ਇੱਥੇ ਕਵਾਡ ਸਮਿਟ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਪੀ.ਐੱਮ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵੀ ਦੋ-ਪੱਖੀ ਬੈਠਕ ਕਰਨਗੇ। ਪੀ.ਐੱਮ. ਮੋਦੀ ਅਤੇ ਜੋਅ ਬਾਈਡੇਨ ਦੇ ਅਮਰੀਕਾ ਦੌਰੇ ਦੌਰਾਨ ਕਈ ਸਮਝੌਤਿਆਂ 'ਤੇ ਵੀ ਦਸਤਖਤ ਕੀਤੇ ਜਾਣਗੇ। ਇਸ ਦੇ ਨਾਲ ਹੀ ਕੈਂਸਰ ਨਾਲ ਲੜਨ ਲਈ ਅਹਿਮ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਪੀ.ਐੱਮ. ਮੋਦੀ ਨੇ ਕੀ ਕਿਹਾ

ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, "ਮੈਂ ਆਪਣੇ ਸਹਿਯੋਗੀਆਂ ਰਾਸ਼ਟਰਪਤੀ ਬਾਈਡੇਨ, ਪ੍ਰਧਾਨ ਮੰਤਰੀ ਅਲਬਾਨੀਜ਼ ਅਤੇ ਪ੍ਰਧਾਨ ਮੰਤਰੀ ਕਿਸ਼ਿਦਾ ਨਾਲ ਕੁਆਡ ਸਮਿਟ 'ਚ ਮਿਲਣ ਲਈ ਉਤਸ਼ਾਹਿਤ ਹਾਂ।" ਉਨ੍ਹਾਂ ਨੇ ਕਿਹਾ, "ਇਹ ਫੋਰਮ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਵਾਲੇ ਇੱਕ ਪ੍ਰਮੁੱਖ ਸਮੂਹ ਦੇ ਰੂਪ ਵਿੱਚ ਉਭਰਿਆ ਹੈ, ਜਿਸ ਵਿੱਚ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ।"

ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਹੁਣ ਤੱਕ 8 ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ ਅਤੇ ਹੁਣ ਉਹ ਆਪਣੀ ਨੌਵੀਂ ਫੇਰੀ 'ਤੇ ਹਨ। ਵਿਦੇਸ਼ ਮੰਤਰਾਲੇ (MEA) ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦੇ ਦੌਰੇ 'ਤੇ ਹੋਣਗੇ।

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ 21 ਸਤੰਬਰ ਨੂੰ ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਹੋਣ ਵਾਲੇ ਕਵਾਡ ਲੀਡਰਾਂ ਦੇ ਚੌਥੇ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਕਾਨਫਰੰਸ ਦੀ ਮੇਜ਼ਬਾਨੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਰਨਗੇ। ਇਸ ਤੋਂ ਬਾਅਦ ਉਹ 22 ਸਤੰਬਰ ਨੂੰ ਨਿਊਯਾਰਕ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪੀ.ਐੱਮ ਮੋਦੀ ਆਪਣੇ ਦੌਰੇ ਦੇ ਆਖਰੀ ਦਿਨ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ 'ਸਮਿਟ ਆਫ ਦ ਫਿਊਚਰ' 'ਚ ਵੀ ਹਿੱਸਾ ਲੈਣਗੇ।


Rakesh

Content Editor

Related News