ਚੀਫ਼ ਜਸਟਿਸ ਚੰਦਰਚੂੜ ਦੇ ਘਰ ਪੁੱਜੇ PM ਮੋਦੀ, ਗਣੇਸ਼ ਪੂਜਾ 'ਚ ਹੋਏ ਸ਼ਾਮਲ

Thursday, Sep 12, 2024 - 11:31 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੇ ਦਿੱਲੀ ਸਥਿਤ ਘਰ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਮੋਦੀ ਨੇ ਡੀ. ਵਾਈ. ਚੰਦਰਚੂੜ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਘਰ 'ਚ ਆਯੋਜਿਤ ਗਣੇਸ਼ ਪੂਜਾ 'ਚ ਹਿੱਸਾ ਲਿਆ ਅਤੇ ਆਰਤੀ ਵੀ ਕੀਤੀ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਫ਼ ਜਸਟਿਸ ਦੇ ਘਰ ਪਹੁੰਚੇ ਤਾਂ ਚੰਦਰਚੂੜ ਅਤੇ ਉਨ੍ਹਾਂ ਦੀ ਪਤਨੀ ਕਲਪਨਾ ਦਾਸ ਆਪਣੇ ਘਰ 'ਚ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਪੂਰੇ ਆਯੋਜਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੇ ਘਰ ਪੂਜਾ 'ਚ ਸ਼ਾਮਲ ਹੋਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਜੀ ਦੀ ਰਿਹਾਇਸ਼ 'ਤੇ ਗਣੇਸ਼ ਪੂਜਾ 'ਚ ਸ਼ਾਮਲ ਹੋਇਆ। ਭਗਵਾਨ ਸ਼੍ਰੀ ਗਣੇਸ਼ ਸਾਨੂੰ ਸਾਰਿਆਂ ਨੂੰ ਸੁੱਖ, ਖੁਸ਼ਹਾਲੀ ਅਤੇ ਚੰਗੀ ਸਿਹਤ ਪ੍ਰਦਾਨ ਕਰਨ। ਤਸਵੀਰ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਚੀਫ਼ ਜਸਟਿਸ ਚੰਦਰਚੂੜ ਕੁਝ ਹੋਰ ਲੋਕਾਂ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਇਸ ਦੌਰਾਨ ਮਹਾਰਾਸ਼ਟਰ ਨਾਲ ਸਬੰਧਤ ਰਿਵਾਇਤੀ ਪੋਸ਼ਾਕ ਵਿਚ ਸਨ। ਉਨ੍ਹਾਂ ਨੇ ਗਣੇਸ਼ ਪੂਜਾ ਮੌਕੇ ਟਵੀਟ ਵੀ ਮਰਾਠੀ ਭਾਸ਼ਾ ਵਿਚ ਕੀਤਾ ਹੈ।

 

ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ

ਇਹ ਘਟਨਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਲੋਕਾਂ ਨੇ ਇਸ ਨੂੰ ਬੜੀ ਦਿਲਚਸਪੀ ਨਾਲ ਦੇਖਿਆ। ਆਮ ਤੌਰ 'ਤੇ ਸਿਆਸੀ ਅਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਬਿਰਾਜਮਾਨ ਲੋਕ ਧਾਰਮਿਕ ਸਮਾਗਮਾਂ 'ਚ ਘੱਟ ਹੀ ਨਜ਼ਰ ਆਉਂਦੇ ਹਨ ਪਰ ਇਹ ਮੌਕਾ ਕੁਝ ਖਾਸ ਸੀ। ਇਸ ਮੌਕੇ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਝਲਕ ਦੇਖਣ ਨੂੰ ਮਿਲੀ। ਇਸ ਪੂਜਾ ਰਾਹੀਂ ਦੋਵਾਂ ਆਗੂਆਂ ਨੇ ਧਾਰਮਿਕ ਏਕਤਾ ਦਾ ਸੰਦੇਸ਼ ਦਿੱਤਾ।

ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੇ ਚੁੱਕੇ ਸਵਾਲ

ਚੀਫ਼ ਜਸਟਿਸ ਦੇ ਇਸ ਕਦਮ ਨੂੰ ਲੈ ਕੇ ਕੁਝ ਵਿਵਾਦ ਵੀ ਸਾਹਮਣੇ ਆਏ ਹਨ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਇੰਦਰਾ ਜੈਸਿੰਘ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।
ਪ੍ਰਸ਼ਾਂਤ ਭੂਸ਼ਣ: ਉਨ੍ਹਾਂ ਨੇ ਟਵੀਟ ਕੀਤਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ CJI ਚੰਦਰਚੂੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਨਿੱਜੀ ਰਿਹਾਇਸ਼ 'ਤੇ ਬੁਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਸੁਤੰਤਰਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ, ਜੋ ਕਿ ਸੰਵਿਧਾਨ ਤਹਿਤ ਜ਼ਰੂਰੀ ਪ੍ਰਕਿਰਿਆ ਹੈ।

 

- ਇੰਦਰਾ ਜੈਸਿੰਘ: ਉਨ੍ਹਾਂ ਨੇ ਇਸ ਮੁੱਦੇ 'ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਅਜਿਹੇ ਜਨਤਕ ਪ੍ਰਦਰਸ਼ਨ ਨਿਆਂਪਾਲਿਕਾ ਦੀ ਆਜ਼ਾਦੀ 'ਤੇ ਸ਼ੱਕ ਪੈਦਾ ਕਰਦੇ ਹਨ। ਉਨ੍ਹਾਂ ਬਾਰ ਐਸੋਸੀਏਸ਼ਨ ਨੂੰ ਇਸ ਸਮਝੌਤੇ ਦੀ ਨਿਖੇਧੀ ਕਰਨ ਦੀ ਅਪੀਲ ਕੀਤੀ ਹੈ।


Tanu

Content Editor

Related News