''ਮਨ ਕੀ ਬਾਤ'' ਪ੍ਰੋਗਰਾਮ ''ਚ PM ਮੋਦੀ ਨੇ ਕੀਤੀ ਦੇਸ਼ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਦੀ ਸ਼ਲਾਘਾ

Sunday, May 31, 2026 - 01:28 PM (IST)

''ਮਨ ਕੀ ਬਾਤ'' ਪ੍ਰੋਗਰਾਮ ''ਚ PM ਮੋਦੀ ਨੇ ਕੀਤੀ ਦੇਸ਼ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਦੀ ਸ਼ਲਾਘਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 134ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਖੇਡ ਜਗਤ 'ਚ ਭਾਰਤੀ ਅਥਲੀਟਾਂ ਦੀਆਂ ਤਾਜ਼ਾ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਰਾਂਚੀ 'ਚ ਹੋਈ '29ਵੀਂ ਨੈਸ਼ਨਲ ਸੀਨੀਅਰ ਐਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ 2026' ਦੌਰਾਨ ਦੋ ਦਿਨਾਂ 'ਚ ਤਿੰਨ ਵਾਰ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਟੁੱਟਿਆ ਹੈ।

ਗੁਰਿੰਦਰਵੀਰ ਸਿੰਘ ਨੇ ਰਚਿਆ ਇਤਿਹਾਸ
ਪ੍ਰਧਾਨ ਮੰਤਰੀ ਨੇ ਭਾਰਤੀ ਜਲ ਸੈਨਾ 'ਚ ਤਾਇਨਾਤ ਅਥਲੀਟ ਗੁਰਿੰਦਰਵੀਰ ਸਿੰਘ ਨਾਲ ਗੱਲਬਾਤ ਕੀਤੀ, ਜਿਸ ਨੇ 100 ਮੀਟਰ ਦੀ ਦੌੜ ਮਹਿਜ਼ 10.09 ਸੈਕਿੰਡ 'ਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਹੈ। ਗੁਰਿੰਦਰਵੀਰ ਅਜਿਹਾ ਪਹਿਲਾ ਭਾਰਤੀ ਬਣ ਗਿਆ ਹੈ ਜਿਸ ਨੇ 10.10 ਸੈਕਿੰਡ ਦੇ ਬੈਰੀਅਰ ਨੂੰ ਪਾਰ ਕੀਤਾ ਹੈ। ਪੀ.ਐੱਮ. ਮੋਦੀ ਨੇ ਗੁਰਿੰਦਰਵੀਰ ਅਤੇ ਅਨੀਮੇਸ਼ ਕੁਜੂਰ ਵਿਚਕਾਰ ਸਿਹਤਮੰਦ ਮੁਕਾਬਲੇ ਅਤੇ ਦੋਸਤੀ ਦੀ ਵੀ ਸ਼ਲਾਘਾ ਕੀਤੀ।

ਮਾਂ ਨੂੰ ਦਿੱਤਾ ਵਾਅਦਾ ਕੀਤਾ ਪੂਰਾ
ਗੁਰਿੰਦਰਵੀਰ ਨੇ ਪ੍ਰਧਾਨ ਮੰਤਰੀ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਪਲ ਸਾਂਝੇ ਕਰਦਿਆਂ ਦੱਸਿਆ ਕਿ ਬਚਪਨ 'ਚ ਜਦੋਂ ਉਸ ਦੀ ਮਾਂ ਉਸ ਨੂੰ ਟੀਵੀ ਦੇਖਣ ਤੋਂ ਰੋਕਦੀ ਸੀ ਅਤੇ ਪੜ੍ਹਾਈ 'ਤੇ ਧਿਆਨ ਦੇਣ ਲਈ ਕਹਿੰਦੀ ਸੀ, ਤਾਂ ਉਹ ਕਹਿੰਦਾ ਹੁੰਦਾ ਸੀ ਕਿ ਇਕ ਦਿਨ ਤੁਸੀਂ ਮੈਨੂੰ ਖੁਦ ਟੀਵੀ 'ਤੇ ਦੇਖੋਗੇ। ਅਥਲੀਟ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਜਦੋਂ ਉਸ ਦੇ ਮਾਪੇ ਉਸ ਨੂੰ ਟੀਵੀ 'ਤੇ ਦੇਖਦੇ ਹਨ ਤਾਂ ਉਸ ਨੂੰ ਬਹੁਤ ਖੁਸ਼ੀ ਮਿਲਦੀ ਹੈ।

ਦੇਸ਼ ਭਰ ਦੇ ਦਿੱਗਜ ਨੇਤਾਵਾਂ ਨੇ ਸੁਣਿਆ ਪ੍ਰੋਗਰਾਮ
ਪ੍ਰਧਾਨ ਮੰਤਰੀ ਦੇ ਇਸ 134ਵੇਂ ਸੰਬੋਧਨ ਨੂੰ ਸੁਣਨ ਲਈ ਦੇਸ਼ ਭਰ ਦੇ ਮੁੱਖ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦਿੱਲੀ 'ਚ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ ਨੇ ਪ੍ਰੋਗਰਾਮ ਸੁਣਿਆ, ਜਦਕਿ ਉਤਰਾਖੰਡ ਦੇ ਸੀ.ਐੱਮ. ਪੁਸ਼ਕਰ ਸਿੰਘ ਧਾਮੀ, ਬਿਹਾਰ ਦੇ ਮੰਤਰੀ ਵਿਜੇ ਸਿਨਹਾ ਅਤੇ ਤਾਮਿਲਨਾਡੂ ਤੋਂ ਕੇਂਦਰੀ ਮੰਤਰੀ ਐੱਲ. ਮੁਰੂਗਨ ਸਮੇਤ ਕਈ ਵੱਡੇ ਆਗੂਆਂ ਨੇ ਇਸ ਪ੍ਰਸਾਰਣ ਰਾਹੀਂ ਪੀ.ਐੱਮ. ਦੇ ਸੰਦੇਸ਼ ਨੂੰ ਸੁਣਿਆ।


author

Sunaina

Content Editor

Related News