''ਦੁਨੀਆ ਭਰ ''ਚ ਸਾਡੀ ਯੁਵਾ ਸ਼ਕਤੀ ਦੀ ਚਰਚਾ'', PM ਮੋਦੀ ਨੇ ਗਿਣਾਈਆਂ PM-VBRY ਦੀਆਂ ਪ੍ਰਾਪਤੀਆਂ
Friday, Jun 19, 2026 - 08:40 PM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ (PM-VBRY) ਦੇ ਤਹਿਤ 2,400 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੰਡੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਨੇ ਦੇਸ਼ ਦੇ ਨੌਜਵਾਨਾਂ ਨੂੰ ਸ਼ਕਤੀ ਦਿੱਤੀ ਹੈ ਅਤੇ ਭਾਰਤ ਨੂੰ ਭਵਿੱਖ ਦੀ ਆਰਥਿਕਤਾ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਸ ਯੋਜਨਾ ਰਾਹੀਂ ਹੁਣ ਤੱਕ ਲਗਭਗ 70 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਖਾਸ ਤੌਰ 'ਤੇ ਪਹਿਲੀ ਵਾਰ ਨੌਕਰੀ ਕਰਨ ਵਾਲੇ ਨੌਜਵਾਨਾਂ ਨੂੰ ਸਮਾਜਿਕ ਸੁਰੱਖਿਆ ਦਾ ਕਵਚ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਲਗਭਗ 20 ਲੱਖ ਨੌਜਵਾਨਾਂ ਨੇ ਆਪਣੀ ਪਹਿਲੀ ਨੌਕਰੀ ਦੇ 6 ਮਹੀਨੇ ਪੂਰੇ ਕਰ ਲਏ ਹਨ, ਜਿਨ੍ਹਾਂ ਵਿੱਚੋਂ 10 ਲੱਖ ਲਾਭਪਾਤਰੀਆਂ ਨੂੰ ਅੱਜ ਇਨਸੈਂਟਿਵ ਜਾਰੀ ਕੀਤੇ ਗਏ ਹਨ।
ਜੀ-7 ਸੰਮੇਲਨ ਅਤੇ ਫਰਾਂਸ ਤੇ ਸਲੋਵਾਕੀਆ ਦੀ ਯਾਤਰਾ ਤੋਂ ਪਰਤੇ ਪੀਐਮ ਮੋਦੀ ਨੇ ਕਿਹਾ ਕਿ ਅੱਜ ਦੁਨੀਆ ਦੇ ਦਿੱਗਜ ਨੇਤਾ ਭਾਰਤ ਦੇ ਟੈਲੇਂਟ ਅਤੇ ਹੁਨਰ ਦੀ ਚਰਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਾਰਤ ਦੀ ਯੁਵਾ ਸ਼ਕਤੀ ਦੀ ਸਮਰੱਥਾ ਨੂੰ ਪਛਾਣ ਰਹੀ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਭਾਰਤੀ ਨੌਜਵਾਨ ਇਸ ਸਮਰੱਥਾ ਨੂੰ ਮੌਕਿਆਂ ਵਿੱਚ ਬਦਲ ਸਕਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਦੁਨੀਆ ਭਵਿੱਖ ਦੀ ਟੈਕਨਾਲੋਜੀ ਵੱਲ ਵਧ ਰਹੀ ਹੈ, ਉੱਥੇ ਹੀ ਭਾਰਤ ਆਪਣੇ ਨੌਜਵਾਨਾਂ ਨੂੰ 'ਫਿਊਚਰ ਰੈਡੀ' ਬਣਾਉਣ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ 'ਰੁਜ਼ਗਾਰ ਮੇਲਾ' ਯੋਜਨਾ ਨੂੰ 'ਨਵੇਂ ਭਾਰਤ' ਦੀ ਪਛਾਣ ਦੱਸਿਆ, ਜਿੱਥੇ ਰੁਜ਼ਗਾਰ ਨਿਰਮਾਣ ਇੱਕ ਰਾਸ਼ਟਰੀ ਮੁਹਿੰਮ ਬਣ ਚੁੱਕਾ ਹੈ।
